ਸ਼ੂਕਦੀਏ ਨੀ ਪੌਣੇ ਪਹਾੜਾਂ ਵੱਲੋਂ ਆਉਂਦੀਏ ਨੀ।
ਬੱਦਲ਼ਾਂ ਨੂੰ ਧੱਕਾ ਦੇ, ਮੈਦਾਨਾਂ ਵੱਲ ਲੈ ਆਉਂਦੀਏ ਨੀ।
ਜਿਗਰੇ ਨਾਲ਼ ਕਦਮ ਧਰੀਂ।
ਧੀਏ ਧੀਰੀ ਬਣੀਂ, ਐਵੇਂ ਨਾ ਨਦਾਨੀਆਂ ਕਰੀਂ।
ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ।
ਵਿੱਚ ਨੀ ਮੈਦਾਨਾਂ ਸੁਣ, ਰੱਬੀ ਕਈ ਰੂਹਾਂ ਨੇ।
ਸ਼ੂਕਦੀ ਨਾ ਫਿਰੀਂ ਨੀ, ਪਵਿੱਤਰ ਉਹ ਜੂਹਾਂ ਨੇ।
ਰੁੱਖਾਂ ਤੋਂ ਬਚਾ ਕੇ ਲੰਘੀਂ, ਹਨੇਰੀ ਬਣ ਵਗੀਂ ਨਾ ਨੀ।
ਟਾਹਣਿਆਂ ਨਾ ਤੋੜਦੀਂ ਫਿਰੀਂ।
ਧੀਏ ਧੀਰੀ ਬਣੀਂ, ਓਥੇ ਨਾ ਸ਼ੈਤਾਨੀਆਂ ਕਰੀਂ।
ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ।
ਕਈ ਓਥੇ ਵੱਸਦੇ ਨੇ, ਕੁਦਰਤ ਦੇ ਯਾਰ ਨੀ।
ਜਿੰਨਾ ਉਹਨਾਂ ਰੁੱਖਾਂ ਨਾਲ਼, ਹੱਦੋਂ ਵੱਧ ਪਿਆਰ ਨੀ।
ਕਈ ਉੱਥੇ ਤੇਰਾ ਨਾ ਲੈ, ਦਾਤਰ ਚਲਾਉਣਗੇ।
ਵੱਢ ਉਹਨਾਂ ਰੁੱਖਾਂ ਤਾਈਂ, ਸੇਜਾਂ ਨੂੰ ਸਜਾਉਣਗੇ।
ਧੀਏ ਧੀਰੀ ਬਣੀ, ਉਹਨਾਂ ਵਿਸ਼ਵਾਸ ਨਾ ਕਰੀਂ।
ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ।
ਮੈਨੂੰ ਪਤਾ ਤੂੰ ਵੀ ਕਦੇ, ਮਾਰਦੀ ਉਡਾਰੀ ਨੀ।
ਹਨੇਰੀ ਬਣ ਵਗ, ਘੱਟਾ ਜਾਂਵਦੀ ਖਲਾਰੀ ਨੀ।
ਓਥੇ ਜਾ ਕੇ ਮੇਰੀ ਮੰਨ, ਠੰਢੀ ਸੀਤ ਬਣ ਵਗੀਂ।
ਸਰਬ ਦੀ ਨਜ਼ਰ ਚੜ੍ਹੀਂ, ਕਵਿਤਾ ਤੂੰ ਬਣ ਮੁੜੀਂ।
ਧੀਏ ਧੀਰੀ ਬਣੀ, ਕੁਦਰਤ ਦਾ ਨਾ ਬਦਲਾ ਲਵੀਂ।
ਹਵਾ ਰਾਣੀਏ, ਹੌਸਲੇ ਤੋਂ ਕੰਮ ਤੂੰ ਲਵੀਂ।