ਸ਼ੋਰ ਕੈਸਾ ਹੈ ਇਹ ਜੇਕਰ ਬੋਲਿਆ ਕੋਈ ਨਹੀਂ।
ਸਹਿਮ ਕੇ ਬੈਠੇ ਨੇ ਸਾਰੇ ਪੁੱਛਦਾ ਕੋਈ ਨਹੀਂ।
ਬੇਖ਼ਬਰ ਬੈਠੇ ਨੇ ਸਾਰੇ ਅੱਜ ਦੇ ਹਾਲਾਤ ਤੋਂ,
ਅੰਤ ਨੂੰ ਹੋਣਾ ਹੈ ਕੀ ਇਹ ਸੋਚਦਾ ਕੋਈ ਨਹੀਂ।
ਗਮਲਿਆਂ ਵਿਚ ਸਜ ਰਹੇ ਨੇ ਫੁੱਲ ਸਾਰੇ ਕਾਗ਼ਜ਼ੀ,
ਰੁੱਤ ਭਾਵੇਂ ਕੋਈ ਆਵੇ ਮਹਿਕਦਾ ਕੋਈ ਨਹੀਂ।
ਸਿਓਂਕ—ਖਾਧਾ ਇਕ ਅਜਿਹਾ ਬਿਰਖ ਹਾਂ ਜਿਸ ਕੋਲ ਹੁਣ,
ਇਕ ਵੀ ਪੱਤਾ ਹਰਾ ਜਾਂ ਸੁੱਕਿਆ ਕੋਈ ਨਹੀਂ।
ਹੁਣ ਨਾ ਹੈ ਉੱਮੀਦ ਚੰਗੇ ਦੀ ਨਾ ਮੈਂ ਹਾਂ ਆਸਵੰਦ,
ਕੱਲ੍ਹ ਤਕ ਧੀ ਰੱਬ ਦਾ ਅੱਜ ਆਸਰਾ ਕੋਈ ਨਹੀਂ।
ਭਟਕਦਾ ਫਿਰਦਾ ਹੈ ਇਕ ਬੁੱਲਾ ਹਵਾ ਦਾ ਦੇਰ ਤੋਂ
ਅਜਨਬੀ ਦੇ ਵਾਸਤੇ ਦਰ ਖੋਲ੍ਹਦਾ ਕੋਈ ਨਹੀਂ।
ਹੋ ਗਏ ਬੱਚੇ ਸਿਆਣੇ ਉਮਰ ਤੋਂ ਪਹਿਲਾਂ ‘ਸ਼ਸ਼ੀ'
ਬੇਵਜ੍ਹਾ ਹੁਣ ਉੱਚੀ—ਉੱਚੀ ਹੱਸਦਾ ਕੋਈ ਨਹੀਂ।