ਸ਼ੋਰ ਨੂੰ ਸੁਣ ਕੇ ਐਵੇਂ ਆਹਾਂ ਭਰਦੇ

ਸ਼ੋਰ ਨੂੰ ਸੁਣ ਕੇ ਐਵੇਂ ਆਹਾਂ ਭਰਦੇ ਨਹੀਂ ਹੁੰਦੇ ।

ਕਾਵਾਂਰੌਲੀ ਕੋਲੋਂ ਬਾਜ਼ ਤਾਂ ਡਰਦੇ ਨਹੀਂ ਹੁੰਦੇ ।

ਮੈਂ ਇਸ਼ਕ ਵਿਹੂਣੇ ਲੋਕਾਂ ਨੁੰ ਹੋਰ ਕੀ ਕਹਿਣਾ ਹੈ,

ਤਰਕਾਂ ਵਾਲੇ ਕੱਚਿਆਂ ਉੱਤੇ ਤਰਦੇ ਨਹੀਂ ਹੁੰਦੇ ।

ਸਾਉਣ ਚ ਲੱਗੀ ਇੱਕ ਝੜੀ ਨੂੰ ਭਰਮ ਜਿਹਾ ਹੋਇਆ,

ਬਰਸਾਤਾਂ ਦੇ ਵਿੱਚ ਵੀ ਸੂਰਜ ਠਰਦੇ ਨਹੀਂ ਹੁੰਦੇ ।

ਆਪਣੀ ਹੋਂਦ ਜਿਨ੍ਹਾਂ ਦੀ ਰੇਤ ਦੇ ਟਿੱਬਿਆਂ ਵਰਗੀ ਹੈ,

ਉਹ ਮੁੱਠੀਆਂ ਵਿਚ ਪੂਰਾ ਅੰਬਰ ਭਰਦੇ ਨਹੀ ਹੁੰਦੇ ।

ਜਿਨ ਪਿੰਡੇ ਤੋਂ ਬ੍ਰਹਿਮੰਡੇ ਦੀ ਗਾਥਾ ਸਮਝੀ ਹੈ,

ਉਹ ਫਿਰ ਵਕਤੀ ਫੇਰ ਬਦਲ ਤੋਂ ਡਰਦੇ ਨਹੀਂ ਹੁੰਦੇ ।

ਸਾਡੇ ਕੋਲੋਂ ਬੱਸ ਪਿੰਡਿਆਂ ਦਾ ਉਹਲਾ ਕਰਦੇ ਹਨ, 

ਰੂਹਾਂ ਦੇ ਵਿੱਚ ਵਸਣੇ ਵਾਲੇ ਮਰਦੇ ਨਹੀਂ ਹੁੰਦੇ ।

ਆਪੋ ਆਪਣੀ ਧਿਰ ਨਾ' ਅਮਨ' ਜਾ ਖੜਨਾ ਹੁੰਦਾ ਹੈ,

ਮਰਦ ਵਿਚਾਲੇ ਵਰਗੀ ਕੋਈ ਗੱਲ ਕਰਦੇ ਨਹੀਂ ਹੁੰਦੇ ।

📝 ਸੋਧ ਲਈ ਭੇਜੋ