ਸ਼ੁਭ ਇੱਛਾਵਾਂ

ਭਾਰਤ ਦੇ ਦਿਲ

ਦਿੱਲੀ ਸ਼ਹਿਰ 'ਚ ਵਸਦੇ ਯਾਰਾ 

ਹੈ ਰਸਮਾਂ ਦਾ ਭਾਈਚਾਰਾ 

ਮਿਲ ਗਈਆਂ ਨੇ

ਮਿਲੀਆਂ ਕੁਝ ਪਛੜ ਕੇ ਭਾਵਾਂ

ਤੂੰ ਜੋ ਘੱਲੀਆਂ ਨਵੇਂ ਸਾਲ ਦੀਆਂ ਸ਼ੁਭ ਇਛਾਵਾਂ।

ਮੈਂ ਸ਼ਰਮਿੰਦਾ

ਜੋ ਇਸ ਵਾਰੀ

ਰੰਗ ਬਰੰਗੇ ਫੁੱਲਾਂ ਵਾਲਾ

ਛਪਿਆ ਰਸਮੀ ਖ਼ਤ ਨਹੀਂ ਪਾਇਆ

ਉਂਜ ਮੈਂ ਪਿਛਲੇ ਸਾਲ ਵਾਂਗ ਹੀ

ਇਸ ਵਾਰੀ ਵੀ ਚਾਹਿਆ

ਨਵੇਂ ਸਾਲ ਤੂੰ ਮੌਜਾਂ ਮਾਣੇ

ਬਿਜਲੀ ਪਾਣੀ ਦੁੱਧ ਮਿੱਟੀ ਦਾ ਤੇਲ ਖੰਡ ਸਬਜ਼ੀ ਤੇ ਆਟਾ

ਕਿਸੇ ਚੀਜ਼ ਦਾ ਰਹੇ ਨਾ ਘਾਟਾ

ਏਸ ਸਾਲ ਵਿਚ

ਘਰ ਤੋਂ ਦਫ਼ਤਰ ਅਤੇ ਦਫ਼ਤਰੋਂ ਘਰ ਨੂੰ

ਰੋਜ਼ ਸੁਵਖਤੇ ਬਸ ਮਿਲ ਜਾਵੇ

ਬਹੁਤਾ ਚਿਰ ਨਾ ਖੜਨਾ ਪਏ ਪਾਲ ਵਿਚ 

ਚੜ੍ਹਦੇ ਸਾਲ 'ਚ ਤੈਨੂੰ ਕੋਈ ਨਾ ਤੰਗੀ ਹੋਵੇ 

ਵੱਧਦੇ ਭਾਵਾਂ ਜਿੰਨੀ ਹੀ ਤਨਖ਼ਾਹ ਵੱਧ ਜਾਵੇ 

ਤੇ ਇਸ ਵਾਰ ਦੀ ਏ. ਸੀ ਆਰ. ਵੀ ਚੰਗੀ ਹੋਵੇ 

ਜਾਏ ਸਰਕਾਰੀ ਕੋਟੇ ਵਿਚੋਂ ਵਾਰੀ

ਦਫ਼ਤਰ ਲਾਗੇ ਘਰ ਮਿਲ ਜਾਵੇ

ਵਿਚੋਂ ਇਕ ਕਮਰੇ ਲਈ ਬਾਇਤਬਾਰ ਕਰਾਏਦਾਰ ਵੀ 

ਪੁੱਤਰ ਨੂੰ ਰੁਜ਼ਗਾਰ ਤੇ ਧੀ ਨੂੰ ਸਰਦਾ ਪੁਜਦਾ ਵਰ ਮਿਲ ਜਾਵੇ 

ਜੋ ਹੁਣ ਤੀਜੀ ਐੱਮ.ਏ. ਕਰਦੀ

ਮੀਆਂ ਬੀਵੀ ਦੇ ਵਿਚਕਾਰ 

ਹੋਏ ਨਾ ਕੋਈ ਗੱਲ ਰੋਸ ਦੀ 

ਤੇ ਜੋ ਪਿੰਡ ਦੀ

ਕਿਸੇ ਨਿਗੂਣੀ ਜਾਇਦਾਦ ਦੀ

ਕਿਸੇ ਕਚਹਿਰੀ ਵਿਚ

ਅਪੀਲ ਚਿਰੋਕੀ ਅੜੀ ਪਈ ਹੈ

ਨਵੇਂ ਸਾਲ ਵਿਚ ਨਿਕਲ ਆਏ ਤਰੀਕ ਓਸਦੀ।

ਜੇ ਮੈਂ ਤੈਨੂੰ

ਛਪਿਆ ਰਸਮੀ ਖ਼ਤ ਨਹੀਂ ਪਾਇਆ

ਇਹ ਨਾ ਸਮਝੀਂ ਮਨੋਂ ਭੁਲਾਇਆ

ਕੀ ਕੀ ਦੱਸਾਂ

ਇਸ ਵਾਰੀ ਵੀ

ਮੈਂ ਤੇਰੇ ਲਈ ਕੀ ਕੀ ਚਾਹਿਆ।

📝 ਸੋਧ ਲਈ ਭੇਜੋ