ਛੁਪੀ ਹੋਈ ਅੱਖ

ਹਰ ਅੱਖ ਪਿੱਛੇ ਇਕ ਅੱਖ ਹੁੰਦੀ ਹੈ

ਜੋ ਹੰਝੂ ਕੇਰਦੀ ਨਹੀਂ

ਪੀਂਦੀ ਹੈ

ਜੋ ਚਾਨਣ 'ਚ ਨਹੀਂ

ਹਨ੍ਹੇਰੇ 'ਚ ਜਿਉਂਂਦੀ ਹੈ

ਜਿਸ ਦੀ ਪੁਤਲੀ ਗਤੀਸ਼ੀਲ ਨਹੀਂ

ਗਤੀਹੀਣ ਹੁੰਦੀ ਹੈ

ਜੋ ਬ੍ਰਹਿਮੰਡ ਦੀ ਹਿੱਲ-ਜੁਲ ਤੋਂ

ਉੰਗਲੀ ਦੀ ਹਿੱਲ-ਜੁਲ ਤੱਕ

ਮਹਿਸੂਸਦੀ ਹੈ

ਉਸਦੀਆਂ ਪਲਕਾਂ ਮਨੁੱਖ ਦੀਆਂ ਨਹੀਂ

ਸੱਪ ਦੀਆਂ ਹੁੰਦੀਆਂ ਹਨ

ਸਾਹਮਣੇ ਵੇਖ ਕਤਲੋ-ਗਾਰਤ

ਤੜਪਦੀ ਲਾਸ਼

ਤੇ ਫ਼ਿਜ਼ਾ 'ਚ ਫੈਲੀ ਸੜ ਰਹੇ ਖ਼ੂਨ ਦੀ ਗੰਧ

ਝੱਟ ਕਰ ਲੈਂਦੇ ਹਾਂ ਅੱਖਾਂ ਬੰਦ

ਪਰ ਛੁਪੀ ਹੋਈ ਅੱਖ ਤਾਂ ਵੇਖਦੀ ਰਹਿੰਦੀ ਹੈ

ਬੰਦ ਪਲਕਾਂ ਦੀਆਂ ਵਿਰਲਾਂ ਵਿੱਚ ਦੀ

ਉਹ ਅੱਖ ਸੁਰਮੇ ਦੀ ਧਾਰ ਨਹੀਂ

ਤਲਵਾਰ ਦੀ ਧਾਰ ਭਾਲਦੀ ਹੈ

ਉਹ ਅੱਖ ਕਾਸ਼ਨੀ ਨਹੀਂ

ਲਹੂ ਜਿਹੇ ਰੰਗ ਦੀ ਹੁੰਦੀ ਹੈ

ਅੱਖ ਦੀ ਪਰਿਭਾਸ਼ਾ ਨੂੰ

ਸੁਰਮੇ ਦੀ ਡੱਬੀ 'ਚ ਬੰਦ ਨਾ ਕਰੋ

ਲਟ-ਲਟ ਬਲ਼ਦੀ ਅੱਖ ਨੂੰ

ਦੀਪ ਬਣਾ ਚੁਰਾਹੇ 'ਚ ਧਰੋ

ਇਸ ਲਈ

ਕਿ ਅੱਖ ਸਿਰਫ਼ ਵੇਖਣ ਲਈ ਹੀ ਨਹੀਂ ਹੁੰਦੀ

ਰਸਤਾ ਵਿਖਾਉਣ ਲਈ ਵੀ ਹੁੰਦੀ ਹੈ

📝 ਸੋਧ ਲਈ ਭੇਜੋ