ਸ਼ੁਰੂ ਤੋਂ ਅਹਿਦ ਕੀਤਾ ਸੀ ਕਿ ਸਭੇ ਨਾਲ ਰੱਖਾਂਗੇ
ਹਨੇਰੀ, ਧੁੱਪ, ਛਾਂ ਅੰਦਰ, ਹਮੇਸ਼ਾਂ ਖਿਆਲ ਰੱਖਾਂਗੇ ।
ਕਦੇ ਜੇ ਆਣ ਪਈ ਬਿਪਤਾ, ਇਕੱਠੇ ਸਹਾਂਗੇ ਸਿਰ 'ਤੇ
ਮਾੜੇ ਵੇਲਿਆਂ ਲਈ, ਹੋਸ਼ ਨੂੰ ਸੰਭਾਲ ਰੱਖਾਂਗੇ ।
ਬੜੀ ਹੀ ਦੂਰ ਹੈ ਮੰਜ਼ਿਲ, ਤੇ ਰਸਤੇ ਬਹੁਤ ਨੇ ਬਿੱਖੜੇ
ਜਾਰੀ ਹੁਸਨ ਦੀ ਪਰ, ਆਪਣੀ ਇਹ ਭਾਲ ਰੱਖਾਂਗੇ ।
ਹੋਇਆ ਕੁਫ਼ਰ ਹੈ ਆਕੀ, ਅਜੇ ਨਾ ਰੌਸ਼ਨੀ ਲੱਭੇ
ਅਸਾਂ ਪਰ ਕੌਲ ਕੀਤੇ ਸੀ, ਕਿ ਦੀਵੇ ਬਾਲ ਰੱਖਾਂਗੇ ।
ਬੂਹੇ ਬਾਰੀਆਂ ਖੁੱਲੇ, ਤੇ ਆਵਣ ਪੌਣ ਦੇ ਬੁੱਲੇ
ਉਨ੍ਹਾਂ ਲਈ ਫੁੱਲ ਹੋਵਣਗੇ, ਕਬੂਤਰ ਪਾਲ ਰੱਖਾਂਗੇ ।
ਮਿੱਤਰ ਸਾਥ ਦੇਵਣ ਤਾਂ, ਅਸਾਡੀ ਤੋਰ ਵਧੇਗੀ
ਤੁਰਦੇ, ਝੂਮਦੇ ਹੋਏ ਵੀ, ਪੈਰੀਂ ਤਾਲ ਰੱਖਾਂਗੇ ।
ਅਸਾਡਾ ਦੋਸ਼ ਹੈ ਇੱਕੋ, ਅਸੀਂ ਖਾਮੋਸ਼ ਨਹੀਂ ਰਹਿੰਦੇ
ਸ਼ਬਦ ਦੀ ਓਟ ਹੁੰਦੀ ਹੈ, ਗਜ਼ਲ ਦੀ ਢਾਲ ਰੱਖਾਂਗੇ ।