ਛੁੱਟੀ ਲੈ ਕੇ ਆ ਜਾ

ਛੁੱਟੀ ਲੈ ਕੇ ਜਾ ਮਿੱਤਰਾ, ਨਾਲੇ ਧਾਰ ਕੱਢਾਂ ਨਾਲੇ ਰੋਵਾਂ,

ਛੁੱਟੀ ਲੈ ਕੇ ਜਾ ਮਿੱਤਰਾ।

1. ਵੇ ਹੱਟੀ ਵਾਲਾ ਛੱਜੂ ਬਾਣੀਆਂ,

ਰੋਜ ਨੋਟਾਂ ਦੇ ਇਸ਼ਾਰੇ ਕਰਦਾ।

ਵੇ ਸੌਦਾ ਲੈਣ ਜਦੋਂ ਜਾਨੀ ਆਂ,

ਥਾਲ ਲੱਡੂਆਂ ਦਾ ਅੱਗੇ ਮੇਰੇ ਧਰਦਾ।

ਵੇ ਉਠਦੀ ਜਵਾਨੀ ਵੇਖ ਕੇ, 

ਸਾਰਾ ਪਿੰਡ ਮੇਰੇ ਤੇ ਮਰਦਾ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ---------

2. 

ਵੇ ਇਕ ਮੇਰੀ ਸੱਸ ਚੰਦਰੀ,

ਜੇਹੜੀ ਰੋਜ਼ ਚੱਕੀ ਨੂੰ ਲਾਵੇ।

ਵੇ ਹੁਸਨਾਂ ਨੂੰ ਅੱਗ ਲਗ ਜਾਏ,

ਮੈਨੂੰ ਰੋਗ ਇਸ਼ਕ ਦਾ ਖਾਵੇ।

ਵੇ ਰੋਜ਼ ਬੁੱਢੀ ਦਏ ਗਾਲੀਆਂ

ਕਹਿੰਦੀ ਘੱਗਰਾ ਮੇਚ ਨਾ ਆਵੇ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ।---------

3. 

ਵੇ ਚੰਨਾ ਤੇਰੀ ਭੈਣ ਬੁਰੀ,

ਜੇਹੜੀ ਰੋਜ਼ ਪਈ ਫਿਟਕਾਰੇ,

ਨੀ ਵੀਰਾ ਮੇਰਾ ਲਾਮ ਨੂੰ ਗਿਆ,

ਤੇਰੇ ਫੈਸ਼ਨਾਂ ਨੇ ਕਰਨੇ ਕਾਰੇ।

ਨੀਂ ਬੇਰੀਆਂ ਨੂੰ ਬੇਰ ਲੱਗ ਗਏ,

ਤੈਨੂੰ ਕੁਝ ਨਾ ਲੱਗਾ ਮੁਟਿਆਰੇ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ।---------

4. 

ਵੇ ਹੱਸਦੀ ਦੇ ਦੰਦ ਗਿਣਦਾ,

ਮੇਰਾ ਦਿਉਰ ਬੜਾ ਟੁੱਟ ਪੈਣਾ।

ਕਹਿੰਦਾ ਭਾਬੋ ਕਿਉਂ ਨਹੀਂ ਬੋਲਦੀ,

ਤੈਂ ਕੀ ਫੌਜੀ ਤੋਂ ਲੈਣਾ

ਬੈਰੋਂਵਾਲੇ ਹੱਲ ਚਲਦਾ,

ਤੈਨੂੰ ਸੜਕ ਬਣਾ ਦੂੰ ਨਾਰੇ।

ਭਾਵੇਂ ਮੇਰੀ ਮੱਝ ਵਿਕ ਜੇ,

ਤੈਨੂੰ ਲੈ ਦੂੰ ਸਲੀਪਰ ਕਾਲੇ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ।--------

5. 

ਵੇ ਅੱਧੀ ਰਾਤੀਂ ਗੁੱਤ ਖੁੱਲ੍ਹ ਗਈ,

ਮੈਨੂੰ ਸੱਪਣੀ ਦੇ ਪੈਣ ਭੁਲੇਖੇ।

ਵੇ ਬਾਰੀ ਵਿਚੋਂ ਮੈਂ ਤੱਕਿਆ,

ਚੰਦ ਮੇਰੀਆਂ ਗੱਲ੍ਹਾਂ ਨੂੰ ਵੇਖੇ।

ਵੇ ਸੁਪਨੇ 'ਚ ਯਾਰ ਮਰਿਆ,

ਸੁੱਤੀ ਪਈ ਨੇ ਪੱਟਾਂ ਤੇ ਹੱਥ ਮਾਰੇ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ।---------

6. 

ਵੇ ਸੁੱਖਾਂ ਸੁੱਖਦੀ ਨੂੰ ਮਾਘ ਗਿਆ,

ਤੇਰਾ ਹੋਇਆ ਨਾ ਆਣ ਦਾ ਵੇਲਾ।

ਸਰਹੁੰ ਫੁੱਲੀ ਪਾ ਕੇ ਕੁੜਤੀ,

ਬੰਤੀ ਆਖਦੀ ਚੱਲੋ ਨੀ ਅੱਜ ਮੇਲਾ।

ਯਾਰ ਮੇਰੇ ਅੱਜ ਮਿਲਣਾ,

ਫੇਰ ਹੋਏ ਕਿ ਹੋਏ ਨਾ ਮੇਲਾ।

ਤੂੰ ਛੁੱਟੀ ਲੈ ਕੇ ਜਾ ਮਿੱਤਰਾ।---------

7. 

ਤੇਰੇ ਬਾਝੋਂ ਮੈਂ ਨਹੀਂ ਬਚਦਾ,

ਮੈਂ ਨਾਵਾਂ ਕਟਾ ਕੇ ਆਵਾਂ।

ਤੇਰੇ ਪਿੱਛੇ ਸੁਣ ਗੋਰੀਏ।

ਬੋਤਾ ਬੀਕਾਨੇਰ ਤੋਂ ਲਿਆਵਾਂ।

ਨੀਂ ਛੱਡ ਰੋਣਾ ਨਿੱਤ ਨਿੱਤ ਦਾ,

ਮੇਰੇ ਵੀਰ ਦੀਏ ਭਰਜਾਈਏ।

ਨੀ ਮੇਲੇ ਮੁਕਸਰ ਦੇ।

ਤੂੰ ਚੜ੍ਹ ਬੋਤੇ ਤੇ ਜਾਈਏ।

ਨੀ ਮੇਲੇ ਮੁਕਸਰ ਦੇ।

📝 ਸੋਧ ਲਈ ਭੇਜੋ