ਸੀ ਵਕਤ ਆਖਰੀ ਪਰ ਵੇਖੋ ਕਮਾਲ ਕੀਤਾ

ਸੀ ਵਕਤ ਆਖਰੀ ਪਰ ਵੇਖੋ ਕਮਾਲ ਕੀਤਾ

ਢਲਦੇ ਸਮੇਂ ਵੀ ਸੂਰਜ ਅੰਬਰ ਨੂੰ ਲਾਲ ਕੀਤਾ

ਸਾਡੇ ਕਨੂੰਨ ਯਾਰੋ ਨਿੱਤ ਇਹ ਕਮਾਲ ਕੀਤਾ

ਨਿਰਦੋਸ਼ ਚਾੜ੍ਹ ਸੂਲੀ ਮੁਜਰਿਮ ਬਹਾਲ ਕੀਤਾ

ਕੀਤਾ ਨਹੀਂ ਵਿਚੋਲਾ ਨਾ ਹੀ ਦਲਾਲ ਕੀਤਾ

ਜਦ ਗੁਫ਼ਤਗੂ ਦਾ ਕਾਰਜ ਸੱਜਣਾ ਦੇ ਨਾਲ ਕੀਤਾ

ਸਭ ਮੇਟ    ਕੇ   ਹਨੇਰੇ    ਲੈ ਆਏ ਨੇ ਸਵੇਰੇ

ਕੌਤਕ ਇਹ ਸ਼ਾਇਰਾਂ ਨੇ ਲਫ਼ਜ਼ਾਂ ਦੇ ਨਾਲ ਕੀਤਾ

ਹਰ ਪਾਸੇ ਸੀ ਹਨੇਰਾ  ਤੇ ਦੂਰ ਸੀ  ਸਵੇਰਾ

ਫਿਰ ਚਾਨਣਾ ਬਥੇਰਾ ਦੀਵੇ ਨੂੰ ਬਾਲ ਕੀਤਾ

ਖੁਸ਼ੀਆਂ ਦੇ ਨਾਲ ਸਾਰੇ ਗ਼ਮ ਵੀ ਕਬੂਲ ਕਰਦੇ

ਆਪਾਂ ਕਦੋਂ ਹੈ ਏਨਾ   ਹਿਰਦਾ ਵਿਸ਼ਾਲ ਕੀਤਾ

ਬਾਬੇ ਨੇ ਆਰਤੀ ਨੂੰ ਸਾਂਝਾ ਬਨਾਣ ਖ਼ਾਤਰ

ਚੰਨ ਸੂਰਜਾਂ ਨੂੰ ਦੀਵੇ ਅੰਬਰ ਨੂੰ ਥਾਲ ਕੀਤਾ

📝 ਸੋਧ ਲਈ ਭੇਜੋ