ਸਿਆਲਾਂ ਵਾਲੀ ਹੀਰ

ਮੈਨੂੰ ਆਖਦਾ ਸਿਆਲਾਂ ਵਾਲੀ ਹੀਰ ਨੀ ।

ਨੈਣੋਂ ਮਾਰਦਾ ਏ ਸੀਨੇ ਵੱਲ ਤੀਰ ਨੀ ।

ਮੈਨੂੰ ਮਿਲਣ ਉਹ ਆਵੇ, ਜਦੋਂ ਮੱਝੀਆਂ ਚਰਾਵੇ ।

ਤੀਰ ਸੀਨੇ ਵਿੱਚ ਜਾ ਵੱਜਦਾ ।

ਮੈਂ ਭੱਜ ਲੁਕ ਗਈ ਬੁਰਜ ਦੇ ਉਹਲੇ ।

ਗਵਾਚੀ ਹੀਰ ਫਿਰੇ ਲੱਭਦਾ ।

ਕਦੇ ਕਹੇ ਤੈਨੂੰ ਕਰਦਾ ਪਿਆਰ ਨੀ ।

ਆਜਾ ਸੋਹਣੀਏ ਝਨਾ ਤੋਂ ਪਾਰ ਨੀ ।

ਕੱਚੇ ਘੜੇ ਨੂੰ  ਲਿਆਈ, ਕੱਚੇ ਯਾਰੀ ਨਾ ਨਿਭਾਈ ।

ਪਾਣੀ ਨੇ ਕੱਚਾ ਰੋੜ ਛੱਡਿਆ ।

ਜਦੋਂ ਡੁੱਬ ਗਈ ਮੈਂ ਅੱਧ ਵਿਚਕਾਰੇ ।

ਗਵਾਚੀ ਸੋਹਣੀ ਫਿਰੇ ਲੱਭਦਾ ।

ਕਦੇ ਲੂਣਾ ਕਹਿ ਕਰਦਾ ਪਿਆਰ ਨੀ ।

ਉਹਲੇ ਇੱਛਰਾਂ ਤੋਂ ਕਰੇ ਇਜ਼ਹਾਰ ਨੀ ।

ਸਾਡੇ ਵੱਸ ਨਾ ਸੀ ਕੋਈ, ਜੱਗੋਂ ਤੇਹਰਵੀਂ ਸੀ ਹੋਈ ।

ਹਾਣੀ ਨੂੰ  ਹਾਣ ਹੁੰਦਾ ਤੱਕਦਾ ।

ਇਹਨੂੰ ਡਰ ਨਾ ਮੌਤ ਦਾ ਮਾਰੇ ।

ਤੇ ਲੂਣਾ ਲੂਣਾ ਫਿਰੇ ਜੱਪਦਾ ।

ਕਦੇ ਮਾਰਦਾ ਇਹ ਪੁਨੂੰ ਬਣ ਅਵਾਜ਼ ਨੀ ।

ਤੱਤੀ ਰੇਤ ਕੋਲ ਵੇਖ ਲਏ ਸੀ ਖ਼ਾਬ ਨੀ ।

ਪੈਰੀਂ ਹੋ ਗਏ ਮੇਰੇ ਛਾਲੇ, ਕੋਈ ਯਾਰ ਨੂੰ  ਬਚਾਲੇ ।

ਬਲੋਚ ਲੈ ਗਏ ਯਾਰ ਰੱਬ ਜਿਹਾ ।

ਜੇ ਮੈਂ ਸੜ ਗਈ ਰੇਤ ਦੇ ਨਾਲੇ ।

ਗਵਾਚੀ ਸੱਸੀ ਫਿਰੂ ਲੱਭਦਾ ।

ਇੱਕ 'ਸਰਬ' ਜੰਮੀ ਕੁਦਰਤ ਦੀ ਯਾਰ ਨੀ

ਨਾਲ ਰੁੱਖਾਂ ਉਹਨੂੰ ਹੋ ਗਿਆ ਪਿਆਰ ਨੀ

ਕੋਈ ਆਰੀ ਜੋ ਚਲਾਵੇ, ਉਹਦੀ ਜਿੰਦ ਟੁੰਬੀ ਜਾਵੇ

ਕਹੇ ਆਰੀ ਨੂੰ  ਬੰਦਿਆ ਚਲਾਉਣੋ ਹਟਜਾ

ਜੇ ਉਹ ਤੁਰ ਗਈ ਨਾਨਕ ਦੇ ਦੁਆਰੇ ।

ਤੇ ਬੋਹੜ ਫਿਰ ਨਹੀਂ ਬਚਦਾ ।

 ਮੈਂ ਲੀਕਾਂ ਨੂੰ  ਨਹੀ ਮੰਨਦੀ ।

ਲਕੀਰਾਂ ਆਪੇ ਵਾਹੁੰਦੀ ਹਾਂ ।

ਮੈਂ ਗਾਥਾ ਦਰਦਾਂ ਦੀ  ।

ਆਪਣੀ ਹੀ ਗਾਉਂਦੀ ਹਾਂ ।

ਤਾਂ ਕਿ ਜੁੜੀ ਰਹਾਂ ਜ਼ਮੀਂ ਦੇ ਨਾਲ ।

ਥਾਂ ਥਾਂ ਦੁਹਰਾਉਂਦੀ ਹਾਂ ।

ਮੈਂ ਜਿਧਰ ਤੁਰ ਪੈਣਾ, ਰਸਤੇ ਬਣ ਜਾਣੇ ਨੇ ।

ਮਹਿੰਗੇ ਪੀਜੇ ਨਹੀ ਪਚਦੇ ।

ਭੱਠੀ ਦੇ ਭੁੰਨੇ ਦਾਣੇ ਮਿਲ ਜਾਸੀ ।

ਅਸਾਡੇ ਢਿੱਡ ਭਰ ਜਾਣੇ ਨੇ ।

ਅਸੀਂ ਸ਼ੋਹਰਤ ਕੀ ਕਰਨੀ ।

ਜੋ ਨਾਲ ਨਹੀ ਜਾਣੀ ।

ਗ਼ਰੀਬੀ ਦੇ ਰਾਹ ਚ ਰੋੜੇ ਜੋ ।

ਬਸ ਉਹੀ ਹਟਾਉਣੇ ਨੇ ।

ਦਗੇਬਾਜ਼ਾਂ ਨੂੰ  ਦੱਸਣਾ ।

ਖੂਨ ਸਾਡਾ ਖੌਲ ਸਕਦਾ ਹੈ ।

ਅਸੀਂ ਸਰਾਧਾਂ ਨੂੰ  ਨਹੀ ਮੰਨਦੇ ।

ਜਿਉਂਦਿਆਂ ਨੂੰ  ਇਨਸਾਫ਼ ਦਿਵਾਉਣੇ ਨੇ ।

ਮਿੱਟੀ ਵਿੱਚ ਜੰਮੀ ਪਲੀ ਹਾਂ ।

ਮਿੱਟੀ ਨਾਲ ਜੁੜੀ ਰਹਿਣਾ ।

ਕੀ ਕਰਨਾ ਦੌਲਤ, ਸ਼ੋਹਰਤ ਨੂੰ  ।

ਆਪਣੀ ਧੁੰਨ ਦੀ ਮਾਲਕ ਹਾਂ ।

ਮਿੱਟੀ ਹੀ ਹੋ ਜਾਣਾ  ।

ਇੱਕ ਦਿਨ 'ਸਰਬ' ਨਿਮਾਣੀ ਨੇ ।

ਅਸੀਂ ਫੱਕਰ ਤੇ ਫ਼ਕੀਰ ਜਿਹੇ ।

ਪਿਆਰਾਂ ਦੇ ਡੰਗੇ ਹਾਂ, ਨਾ ਛੇੜੀਂ, ਨਾ ਛੇੜੀਂ ।

ਤੈਨੂੰ ਕਹਿਣਾ ਚਾਹੁੰਦੀ ਹਾਂ ।

ਕਿ ਮੈਂ ਲੀਕਾਂ ਨੂੰ  ਨਹੀ ਮੰਨਦੀ ।

ਲਕੀਰਾਂ ਆਪੇ ਵਾਹੁੰਦੀ ਹਾਂ ।

ਮੈਂ ਗਾਥਾ ਦਰਦਾਂ ਦੀ  ।

ਆਪਣੀ ਹੀ ਗਾਉਂਦੀ ਹਾਂ ।

📝 ਸੋਧ ਲਈ ਭੇਜੋ