ਨਿੱਕੀਆਂ ਨਿੱਕੀਆਂ ਕੀਤੀਆਂ 

ਮੇਰੀ ਉਮਰ ਨੇ ਗੱਲਾਂ, 

ਵੱਡੀਆਂ ਵੱਡੀਆਂ ਹੋਈਆਂ 

ਸਾਗਰ ਦੀਆਂ ਛੱਲਾਂ।

ਖੁੱਲਿਆ ਝੱਲ ਖਲੇਰ ਕੇ

ਮੇਰੀ ਉਮਰ ਦਾ ਬੂਹਾ,

ਬਾਬਲ ਦੇ ਦਰ ਦੇਖਦੀ

ਤੇਰੇ ਸ਼ਹਿਰ ਨੂੰ ਚੱਲਾਂ।

ਮੈਂ ਕਰਕੇ ਦਰਸ ਫ਼ਕੀਰ ਦਾ

ਬਸ ਸਭ ਕੁਝ ਹੋਈ, 

ਸਜਦਾ ਕੀਤਾ ਨਬੀ ਨੂੰ 

ਮੇਰੇ ਝੱਲ-ਵਲੱਲਾਂ।

ਮੈਂ ਚੁੱਕ ਕੇ ਖਾਰੀ ਸਿਦਕ ਦੀ

ਜਦ ਅੰਬਰ ਵੇਖੇ,

ਮੈਂ ਪਲ ਵਿਚ ਲਈ ਸੰਞਾਣ ਵੇ 

ਕੁੱਲ ਬੇਲੇ ਝੱਲਾਂ।

ਤੈਂ ਭੇਹਰ ਫ਼ਜਰ ਦੀ ਸੁਣੀਂਦਾ 

ਕੋਈ ਆਖ਼ਰੀ ਵੇਲਾ, 

ਤੇਰੀ ਦੂਰ ਦੁਰਾਡੀ ਸੰਞ ਵਲ 

ਮੈਂ ਕਿਸ ਨੂੰ ਘੱਲਾਂ ?

ਉਸ ਸੁੰਞ-ਦਰਵਾਜ਼ੇ ਗਗਨ ਦੇ 

ਖੰਭਾਂ ਦੀ ਢੇਰੀ,

ਮੇਰੀ ਸ਼ਾਹ ਰਗ ਦੇ ਵਿਚ ਰੋਂਦੀਆਂ 

ਕਿਤੋਂ ਆਣ ਇਕੱਲਾਂ।

ਤੱਕੇ ਰੋਂਦੇ ਕਾਫ਼ਲੇ

ਚੰਨ ਈਦ ਦੇ ਹੇਠਾਂ,

ਧੂੜਾਂ ਦੇ ਨਾਲ ਲੱਦਿਆਂ

ਮੇਰੇ ਕੋਟ-ਮਹੱਲਾਂ।

ਉੱਡਦਾ ਰਹੇਗਾ ਧਰਤ ਤੇ

ਤੇਰਾ ਬਾਜ਼ ਅਖ਼ੀਰੀ,

ਭਸਮ ਹੋਏ ਅਸਮਾਨ ਸਭ

ਮੈਂ ਚੀਖ ਕੇ ਵੱਲਾਂ।

ਮੈਂ ਤੱਕਦੀ ਈਦ ਦੇ ਚੰਨ ਨੂੰ

ਪਰਦੇਸਨ ਹੋਈ,

ਚਾਵਾਂ ਭਰੇ ਫ਼ਕੀਰ ਦੀ

ਕਿਸੇ ਜੂਹ ਨੂੰ ਮੱਲਾਂ।

ਭਸਮ ਹੋਈ ਅੱਖ ਚਿਰਾਂ ਦੀ 

ਵਿਚ ਸੁੰਨੀਆਂ ਰੋਹੀਆਂ, 

ਮੈਂ ਜੋਬਨ ਦੀ ਲੈ ਵਾਹਰ ਨੂੰ 

ਤੈਂ ਬੇਲੇ ਸੱਲ੍ਹਾਂ।

ਨਿੱਕੀਆਂ ਨਿੱਕੀਆਂ ਕੀਤੀਆਂ 

ਮੇਰੀ ਉਮਰ ਨੇ ਗੱਲਾਂ।

📝 ਸੋਧ ਲਈ ਭੇਜੋ