ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ

ਜਦੋਂ ਮਜ਼ਹਬ ਦਾ ਭੂਤ ਸੁਆਰ ਹੁੰਦੈ,

ਕਿਸੇ ਕੌਮ ਦੇ ਮਾੜੇ ਬੰਦਿਆਂ ਤੇ।

ਉਦੋਂ ਸਿਦਕ ਦੀ ਰੱਜ ਕੇ ਪਰਖ ਹੁੰਦੀ,

ਕਦੇ ਸੂਲੀ ਤੇ ਕਦੇ ਫੰਦਿਆਂ ਤੇ।

ਕੋਈ ਚੜ੍ਹ ਕੇ ਚਰਖੜੀ ਤੇ ਜਿੰਦ ਵਾਰੇ,

ਕੋਈ ਰੋਂਦਿਆ ਜਾਵੰਦੈ ਰੰਦਿਆਂ ਤੇ।

ਕੋਈ ਤੱਤੀਆਂ ਲੋਹਾਂ ਤੇ ਲਾਏ ਆਸਣ,

ਧੀਰਜ ਧਰਮ ਬਿਠਾਲ ਕੇ ਕੰਧਿਆਂ ਤੇ।

ਜਿਨ੍ਹਾਂ ਸਿਦਕ ਸੁਰਾਹੀ 'ਚੋਂ ਘੁੱਟ ਪੀਤੈ,

ਉਹ ਨਹੀਂ ਮਸਤੀਆਂ ਭਾਲਦੇ ਹੰਦਿਆਂ ਤੇ।

ਸਿਰ ਦੇ ਕੇ ਸਰਦਾਰੀਆਂ ਕਾਇਮ ਰੱਖਣ,

ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ

ਜਦ ਵੀ ਸੱਭਿਅਤਾ ਦਾ ਪਿੰਡਾ ਸੜਨ ਲੱਗਾ,

ਚਮੜੀ ਤਾਣ ਕੇ ਸਿਦਕ ਨੇ ਛਾਂ ਕੀਤੀ।

ਜਦ ਵੀ ਸ਼ੂਕੇ ਤਸ਼ੱਦਦ ਦੇ ਨਾਗ ਕਾਲੇ,

ਉੱਚੀ ਸਿਦਕ ਸਪੇਰੇ ਨੇ ਬਾਂਹ ਕੀਤੀ।

ਜਦ ਵੀ ਜਬਰ ਤੇ ਸਬਰ ਦੀ ਹੋਈ ਟੱਕਰ,

ਸਿਦਕ ਸੂਰਮੇ ਨੇ ਹਾਜ਼ਰ ਜਾਂ ਕੀਤੀ।

ਜਦ ਵੀ ਮੌਤ ਨੇ ਜ਼ਿੰਦਗੀ ਆਣ ਮੰਗੀ,

ਤੇਰੇ ਦਰ ਤੋਂ ਕਿਸੇ ਨਾ ਨਾਂਹ ਕੀਤੀ।

ਪੰਜ ਤੱਤ ਲੈ ਕੇ ਸਾਜਣਹਾਰ ਟੁਰਿਆ,

ਬੰਦੇ ਕਹਿਰ ਢਾਏ ਜਦੋਂ ਬੰਦਿਆਂ ਤੇ।

ਪਹਿਲਾਂ ਸਿਦਕ ਸਰਦਾਰ ਦੀ ਪਰਖ ਹੋਈ,

ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ।

ਮੇਲਾ ਲੱਗਾ ਫੁਹਾਰੇ ਦੇ ਚੌਂਕ ਅੰਦਰ,

ਭੇੜ ਸਿਦਕ ਤੇ ਆਰੇ ਦਾ ਹੋਣ ਲੱਗਾ।

ਜਿਓਂ ਜਿਓਂ ਆਰਾਕਸ਼ ਆਰਾ ਚਲਾਈ ਜਾਵੇ,

ਤਿਓਂ ਤਿਓਂ ਸਿਦਕ ਵੀ ਝੂਮ ਕੇ ਗਾਉਣ ਲੱਗਾ।

ਇਹ ਸ਼ਰੀਰ ਦੋ ਫਾੜ ਹੋ ਜਾਏ ਭਾਵੇਂ,

ਪਾੜ ਸਿਦਕ ਤੇ ਕਦੇ ਨਹੀਂ ਆਉਣ ਲੱਗਾ।

ਆਰੇ ਨਾਲ ਨਹੀਂ ਪਾਟਣਾ ਸਿਦਕ ਮੇਰਾ,

ਪਾੜ ਜ਼ੁਲਮੀ ਹਕੂਮਤ ਤੇ ਪਾਉਣ ਲੱਗਾ।

ਜਿਹੜੇ ਜਾਣਦੇ ਸਿਦਕ ਦਾ ਨਾਮ ਕਾਤਲ,

ਉਹ ਨਹੀਂ ਰੀਝਦੇ ਝੂਠਿਆਂ ਧੰਦਿਆਂ ਤੇ।

ਮਤੀ ਦਾਸ ਜ਼ਮਾਨੇ ਨੂੰ ਦਸ ਦਿੱਤਾ,

ਸਿਦਕ ਨੱਚਿਆ ਆਰੇ ਦੇ ਦੰਦਿਆਂ ਤੇ।

📝 ਸੋਧ ਲਈ ਭੇਜੋ