ਸਿੱਧੀ ਕਦੇ ਨਾ ਕਰਦੇ ਗੱਲ।
ਲੋਕੀ ਜਾਣ ਖਲਾਰੀ ਝੱਲ।
ਅੰਦਰ ਦੀ ਆਵਾਜ਼ ਤੂੰ ਸੁਣ ਲੈ,
ਕੰਮ ਨਹੀਂ ਆਉਣੇ ਟੱਲੀਆਂ ਟੱਲ ।
ਮੰਜ਼ਲ ਦਾ ਮੂੰਹ ਚੁੰਮ ਲਵੇਂਗਾ,
ਵਿੱਚ ਤੂਫ਼ਾਨਾਂ ਚੱਲਦਾ ਚੱਲ ।
ਮੂੰਹ ਜ਼ੋਰ ਨੇ ਸ਼ੌਕ ਦੇ ਘੋੜੇ,
ਕੌਣ ਇਹਨਾਂ ਨੂੰ ਸਕਦਾ ਠੱਲ।
ਕਰਨਾ ਚਾਹੇਂ ਜੋ ਹੁਣ ਕਰ ਲੈ,
ਨਾ ਕਰ ਐਵੇਂ ਅੱਜ ਤੇ ਕੱਲ੍ਹ।
ਡਾਂਗਾਂ ਸੋਟੇ ਸਦਾ ਵਿਗਾੜਨ,
ਗੱਲ ਹੈ ਹਰ ਮਸਲੇ ਦਾ ਹੱਲ।
ਕੋਈ ਇਹਨਾਂ ਦਾ ਦਰਦ ਸੁਣੇ ਨਾ,
ਬੈਠੇ ਨੇ ਜੋ ਸੜਕਾਂ ਮੱਲ।
ਆਪਣੇ ਬਾਰੇ ਕੁਝ ਨਾ ਜਾਣੇ
ਉਂਝ ਉਹ ਵਾਲ ਦੀ ਲਾਹੁੰਦਾ ਖੱਲ।
ਜਗ ਦੀ ਕਰ ਪਰਵਾਹ ਨਾ 'ਓਠੀ',
ਜੇਕਰ ਰੱਬ ਹੈ ਤੇਰੇ ਵੱਲ।