ਸਿਧ ਗੋਸਟਿ ਦੀ ਵਾਰ

ਜਦ ਜ਼ੱਰਾ ਜ਼ੱਰਾ ਧਰਤ ਦਾ, ਰੋਇਆ ਕੁਰਲਾਇਆ॥

ਜਦ ਚਾਰ ਚੁਫੇਰਾ ਕੰਬਿਆ, ਅੰਬਰ ਥਰ ਥਰਾਇਆ॥

ਜਦ ਬੱਦਲਾਂ ਸ਼ੋਹਲੇ ਸੁੱਟ ਕੇ, ਸੰਸਾਰ ਜਲਾਇਆ॥

ਜਦ ਚਾਨਣ ਉੱਤੇ ਛਾ ਗਿਆ, ਹਨੇਰੇ ਦਾ ਸਾਇਆ॥

ਜਦ ਸਰਘੀਆਂ ਹੋਈਆਂ ਕਾਲੀਆਂ, ਕੁਝ ਨਜ਼ਰ ਨਾ ਆਇਆ॥

ਜਦ ਸੱਚ ਸੰਤੋਖ ਨੂੰ ਕੂੜ ਨੇ, ਰਣ ਅੰਦਰ ਢਾਇਆ॥

ਜਦ ਜ਼ੁਲਮ ਤਸ਼ੱਦਦ ਆਣ ਕੇ, ਸੀ ਭੜਥੂ ਪਾਇਆ॥

ਜਦ ਸ਼ਰਮ ਦੋਹਥੜ ਪਿੱਟਿਆ, ਨਾ ਕਿਸੇ ਬਚਾਇਆ॥

ਕੋਈ ਜਾਗੇ ਧਰਮੀ ਸੂਰਮਾ, ਧਰਤੀ ਦਾ ਜਾਇਆ॥

ਇਹ ਵੇਖ ਨਜ਼ਾਰਾ ਕਹਿਰ ਦਾ, ਗੁਰੂ ਨਾਨਕ ਆਇਆ॥

ਜਦ ਚੜ੍ਹਿਆ ਸੂਰਜ ਸੱਚ ਦਾ, ਹੋਏ ਦੂਰ ਹਨੇਰੇ॥

ਤ੍ਰਿਪਤਾ ਦੀ ਕੁਖੋਂ ਜਾਗ ਪਏ, ਕਈ ਸੋਹਨ ਸਵੇਰੇ॥

ਪਈ ਦੌਲਤ ਵੰਡੇ ਦੌਲਤਾਂ, ਕਾਲੂ ਦੇ ਡੇਰੇ॥

ਰੱਬ ਜੰਮਿਆ ਘਰ ਪਟਵਾਰੀਆਂ, ਪਈ ਹੋਕਾ ਫੇਰੇ॥

ਜਿਹਦੀ ਨਜ਼ਰ ਨਜ਼ਾਰਾ ਵੇਖਿਆ, ਪਈ ਨੂਰ ਖਲੇਰੇ॥

ਜਿਹਨੇ ਰੋਂਦੀ ਹੋਈ ਮਨੁੱਖਤਾ ਦੇ, ਫੜ ਲਏ ਪੱਲੇ॥

ਕਿਉਂ ਵੈਦਾ ਨਬਜ਼ਾਂ ਟੋਲਦੈਂ, ਸਾਨੂੰ ਰੋਗ ਅਵੱਲੇ॥

ਇਹ ਪੰਡਤ ਕਾਜ਼ੀ ਮੌਲਵੀ, ਕਿੱਧਰ ਨੂੰ ਚੱਲੇ॥

ਪਏ ਵੰਡੀਆਂ ਪਾਉਣ ਮਨੁੱਖ ਵਿੱਚ, ਜੋ ਗੱਲੇ ਗੱਲੇ॥

ਅਸੀਂ ਸਾਰੇ ਇੱਕ ਦਾ ਨੂਰ ਹਾਂ, ਧਰਤੀ ਤੇ ਰੱਲੇ॥

ਫਿਰ ਟੁਰ ਪਇਆ ਜੌਹਰੀ ਸੱਚ ਦਾ, ਸੱਚ ਦੇ ਭਰਵਾਸੇ॥

ਸੰਗੀਤ ਨਸਰ ਵੀ ਤੁਰ ਪਏ, ਜਿਹਦੇ ਆਸੇ ਪਾਸੇ॥

ਜਿਹਦੇ ਸਜਦੇ ਕੀਤੇ ਸਰਸਵਤੀ, ਕਵਿਤਾ ਅਰਦਾਸੇ॥

ਜਿਹਦੀ ਬਾਣੀ ਭਰੇ ਪਿਆਰ ਥੀਂ, ਜੀਵਨ ਦੇ ਕਾਸੇ॥

ਜਿਹਦੀ ਨਜ਼ਰ ਵਗਾਏ ਚਸ਼ਮੇਂ, ਕਈ ਥਲ ਪਿਆਸੇ॥

ਜਾ ਪਹੁੰਚਾ ਇੱਕ ਦਿਨ ਪਰਬਤੀਂ, ਘਟ ਘਟ ਦਾ ਜਾਣੀ॥

ਜਿੱਥੇ ਜਨਤਾ ਕੋਲੋਂ ਛੁਪ ਕੇ, ਕੁਝ ਰਹਿਣ ਪ੍ਰਾਣੀ॥

ਗੁਰ ਗੋਰਖ ਜਿਸਨੂੰ ਆਖਦੇ, ਧਰਤੀ ਦਾ ਹਾਣੀ॥

ਜਿਹਦੇ ਕੋਲ ਸੀ ਜਤੀਆਂ ਜੋਗੀਆਂ, ਨਾਥਾਂ ਦੀ ਢਾਣੀ॥

ਜਿਹਨੇ ਕੁਲ ਆਕਾਸ਼ ਜਿੱਤਿਆ, ਪਾਤਾਲ ਵੀ ਛਾਣੀ॥

ਉੱਥੇ ਥਿਰਕੀ ਤਾਰ ਰਬਾਬ ਦੀ, ਗੂੰਜੀ ਗੁਰਬਾਣੀ॥

ਫਿਰ ਘੱਲੀ ਗੋਰਖ ਨਾਥ ਨੇ, ਸਿੱਧਾਂ ਦੀ ਟੋਲੀ

ਨਾਥ ਭਰਥਰੀ ਬੋਲਿਆ, ਨਾਥਾਂ ਦੀ ਬੋਲੀ॥

ਨਾਨਕ ਕਾਹਨੂੰ ਪਾ ਰਿਹੈਂ, ਦੁਨੀਆ ਤੇ ਰੋਲੀ॥

ਜਿਹਨੇ ਗ੍ਰਹਿਸਤ ਦਲਿੱਦਰ ਭੋਗਿਆ, ਉਹਨੇ ਜ਼ਿੰਦਗੀ ਰੋਲੀ॥

ਕੰਨ ਪੜਵਾ ਲੈ ਨਾਥ ਤੋਂ, ਬਣ ਜਾ ਹਮ ਜੋਲੀ॥

ਵਸ ਕਰ ਲਏ ਕਾਮ ਕ੍ਰੋਧ ਨੂੰ, ਜੋ ਸਿਦਕੀ ਸੂਰਾ॥

ਜਿਹਨੇ ਮੋਹ ਮਮਤਾ ਨੂੰ ਮਾਰਿਆ, ਸੰਜਮ ਦਾ ਹੂਰਾ॥

ਜਿਹਨੇ ਖ਼ੁਦੀ ਤਕਬਰ ਸੁੱਟਿਆ, ਕਰ ਚੂਰਾ ਚੂਰਾ॥

ਜੋ ਗ੍ਰਹਿਸਤੀ ਬਣਕੇ ਜੀਂਵਦਾ, ਉਹ ਜੋਗੀ ਪੂਰਾ॥

ਖਾ ਗੁੱਸਾ ਸੰਘਰ ਨਾਥ ਨੇ, ਸੰਘਰਸ਼ ਮਚਾਇਆ॥

ਨਾ ਮੁੰਦਰਾਂ ਕੰਨੀ ਪਹਿਨੀਆਂ, ਨਾ ਮੰੂਡ ਮੁੰਡਾਇਆ॥

ਨਾ ਭਸਮ ਰਮਾਈ ਤਨ ਤੇ, ਨਾ ਖੱਪਰ ਚਾਇਆ॥

ਤੂੰ ਸਿੰਙੀ ਨਾਦ ਨਾ ਜਾਣਦਾ, ਕਿਸ ਦੇਸ਼ੋਂ ਆਇਆ॥

ਮੈਂ ਬੇਗਮਪੁਰ ਤੋਂ ਚੱਲਿਆਂ, ਰੱਬ ਦਾ ਮਤਵਾਲਾ॥

ਮੈਨੂੰ ਇਸ ਖੱਪਰ ਦੀ ਲੋੜ ਨਹੀਂ, ਆਕਾਸ਼ ਪਿਆਲਾ॥

ਕਿਉਂ ਭਸਮ ਰਮਾ ਕੇ ਤਨ ਤੇ, ਢਕ ਦਿਆਂ ਉਜਾਲਾ॥

ਕਿਉਂ ਰੱਬ ਦੇ ਦਿੱਤੇ ਨੂਰ ਨੂੰ, ਮੈਂ ਲਾਵਾਂ ਤਾਲਾ॥

ਊਰਮ ਸਿੱਧ ਵੱਟ ਕਚੀਚੀਆਂ, ਫਿਰ ਰੌਹ ਵਿਚ ਕੜਕੇ॥

ਉਹਦੇ ਚਾਰ ਚੁਫ਼ੇਰੇ ਅੱਗ ਦੇ, ਕਈ ਭਾਂਬੜ ਭੜਕੇ॥

ਉਹਦੇ ਨੈਣੋਂ ਨਿਕਲੀਆਂ ਬਿਜਲੀਆਂ, ਸ਼ਾਹ ਬੱਦਲ ਗੜ੍ਹਕੇ॥

ਉਹਨੇ ਹੱਥਾਂ ਵਿੱਚ ਝੰਜੋੜਿਆ, ਅੰਬਰ ਨੂੰ ਫੜ ਕੇ॥

ਫਿਰ ਸੂਰਤ ਸਿੱਧ ਨੇ ਸ਼ਕਤੀਆਂ, ਇਕੱਠੀਆਂ ਕਰ ਲਈਆਂ॥

ਕਰਾਮਾਤਾਂ, ਕਹਿਰ, ਕਿਆਮਤਾਂ, ਜੋ ਟੁੱਟ ਟੁੱਟ ਪਈਆਂ॥

ਉਹਦੇ ਤੂੰਬੇ ਸ਼ੂਕਾਂ ਮਾਰੀਆਂ, ਲੱਖ ਨਾਗਾਂ ਜਿਹੀਆਂ॥

ਉਹਦੇ ਫਰੂਏ ਫ਼ਨ ਖਿਲਾਰਿਆ, ਰਾਤਾਂ ਪੈ ਗਈਆਂ॥

ਵਟ ਖਾਵਣ ਚਿਮਟੇ ਡੰਡਕੇ, ਲੈ ਲੈ ਕੇ ਝਈਆਂ॥

ਉਨ੍ਹੇ ਅੰਬਰੀ ਸੁੱਟੀਆਂ ਫੋਹੜੀਆਂ, ਜੋ ਉਲਟੀਆ ਪਈਆਂ॥

ਉਨ੍ਹੇ ਸਹਿਲੀ ਮੁੰਦਰਾਂ ਸੁੱਟੀਆਂ, ਜੋ ਉਡਦੀਆਂ ਰਹੀਆਂ॥

ਜਦ ਸਤਿਗੁਰੂ ਕੋਸਾਂ ਛੱਡੀਆਂ, ਟਿੰਡਾਂ ਤੇ ਪਈਆਂ॥

ਕਿਉਂ ਦੁਨੀਆਦਾਰੀ ਛੱਡ ਕੇ, ਪਰਬਤ ਤੇ ਆਏ॥

ਤੁਸੀਂ ਕਿਰਤ ਕਰਨ ਤੋਂ ਡਰਦਿਆਂ, ਕਿਉਂ ਮੂੰਡ ਮੁਡਾਏ॥

ਅੱਜ ਘੋਰ ਹਨੇਰੇ ਜ਼ੁਲਮ ਦੇ, ਦੁਨੀਆ ਤੇ ਛਾਏ॥

ਅੱਜ ਬੰਦਾ ਵਹਿਸ਼ੀ ਬਣ ਗਿਆ, ਬੰਦਿਆਂ ਨੂੰ ਖਾਏ॥

ਅੱਜ ਇੱਜ਼ਤ ਢਾਹਾਂ ਮਾਰਦੀ, ਨਾ ਕੋਈ ਬਚਾਏ॥

ਤੁਸੀਂ ਛੁਪ ਕੇ ਬੈਠੇ ਕੰਦਰੀ, ਕੁਝ ਸ਼ਰਮ ਨਾ ਆਏ॥

ਓ! ਸਿੱਧੋ ਜਤੀਓ ਜੋਗੀਓ, ਜਨਤਾ ਵਿੱਚ ਆਓ॥

ਤੁਸੀਂ ਖੋਹਲੋ ਅੱਜ ਸਮਾਧੀਆਂ, ਕੁਝ ਕਿਰਤ ਕਮਾਓ॥

ਇਹ ਖੱਪਰ ਮੁੰਦਰਾਂ ਛੱਡ ਕੇ, ਪਰ੍ਹਾਂ ਵਗਾਓ॥

ਫੜ ਸਿੰਙੀ ਸੱਚ ਸੰਤੋਖ ਦੀ, ਸੰਸਾਰ ਜਗਾਓ॥

ਜਿਹਨੇ ਜਗਤ ਜਲੰਦਾ ਠਾਰਿਆ, ਪਾਖੰਡ ਹਟਾਇਆ॥

ਜਿਹਨੇ ਪਾਪ ਦੇ ਚੜ੍ਹੇ ਤੂਫਾਨ ’ਚੋਂ, ਸੰਸਾਰ ਜਗਾਇਆ॥

ਜਿਹਨੇ ਜਨਤਾ ‘ਚੋਂ ਕਰਤਾਰ ਦਾ, ਦੀਦਾਰ ਕਰਾਇਆ॥

“ਤੂਫਾਨ” ਉਹ ਸੱਚ ਦਾ ਸੂਰਮਾ, ਗੁਰੂ ਨਾਨਕ ਅਇਆ॥

  

📝 ਸੋਧ ਲਈ ਭੇਜੋ