ਸਿਕੰਦਰ ਬਣ ਨਾ ਹੋਇਆ ਓਸ ਤੋਂ, ਮੈਨੂੰ ਹਰਾ ਕੇ ਵੀ।
ਝੁਕਾ ਸਕਿਆ ਨਹੀਂ ਮੈਨੂੰ, ਮੇਰਾ ਪਰਚਮ ਝੁਕਾ ਕੇ ਵੀ।
ਮੈਂ ਜ਼ਿੰਦਾ ਹਾਂ, ਇਹ ਕਿਹੜਾ ਛੋਟੀ ਗੱਲ ਮੇਰੇ ਲਈ ਦੱਸੋ,
ਮੇਰਾ ਕੁਝ ਨ੍ਹੀ ਗਿਆ, ਮੈਂ ਸੋਚਦਾਂ ਸਭ ਕੁਝ ਗੁਆ ਕੇ ਵੀ।
ਬੜਾ ਉਹ ਤਿਲਮਿਲਾਇਆ ਤੜਫਿਆ ਤੇ ਹਾਰ ਮੰਨ ਬੈਠਾ,
ਜਦੋਂ ਉਸ ਹੱਸਦੇ ਨੂੰ ਤੱਕਿਆ ਮੈਨੂੰ , ਰੁਆ ਕੇ ਵੀ।
ਭਲਾ ਅਣਜਾਣ ਕੀ ਜਾਣੇ ਮੈਂ ਹਰ ਪਲ ਨਾਲ਼ ਹਾਂ ਉਸ ਦੇ,
ਬੜਾ ਨਿਸ਼ਚਿੰਤ ਹੋ ਕੇ ਤੁਰ ਗਿਆ ਮੈਨੂੰ ਭੁਲਾ ਕੇ ਵੀ।
ਉਹਦੇ ਚਿਹਰੇ ਦੇ ਭਾਵਾਂ ਨੇ ਸੁਣਾ 'ਤੀ ਵਿੱਥਿਆ ਸਾਰੀ,
ਬੜਾ ਬੇਪਰਦ ਹੋਇਆ ਦਿਲ 'ਚ ਉਹ ਕਿੱਸੇ ਛੁਪਾ ਕੇ ਵੀ।