[ਕਲਗੀਆਂ ਵਾਲੇ ਦੇ ਦਰਬਾਰ ਵਿਚ]
(1)
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ,
ਮੁੜਣਾ ਕਿਸੇ ਫ਼ਕੀਰ ਨੇ, ਇਹ ਯਾਦ ਹੈ ਮੇਰੇ।
ਮੌਤ-ਖ਼ਲਾ ਦੇ ਜਿਗਰ ਵਿਚ
ਲੱਖ ਵੈਣ ठे ਮੇਰੇ,
ਅੰਬੇ ਥਲਾਂ ਦੀ ਸੁੰਞ ਵਿਚ
ਦੋ ਨੈਣ ਨੇ ਮੇਰੇ,
ਮੇਲਿਆਂ ਦੇ ਵਿਚ ਫੜੇ ਸੀ
ਰੋ ਹੱਥ ਮੈਂ ਤੇਰੇ;
ਹੂੰਗਰ ਤੇਰੇ ਬਾਜ਼ ਦੀ, ਵਿਚ ਸੁਣੇ ਹਨੇਰੇ—
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਤੇਰੇ ਅੰਬਰ ਹੇਠ ਮੈਂ
ਲੱਖ ਪੈਂਡੇ ਕੀਤੇ,
ਸੂਰਜ ਤੈਂਡਾ ਤਕਦਿਆਂ
ਕਈ ਯੁਗ ਨੇ ਬੀਤੇ,
ਖ਼ਾਲੀ ਹੱਥ ਦਰਵੇਸ਼ ਨੇ
ਵਲ ਗੋਰਾਂ ਕੀਤੇ;
ਪੱਲੇ ਅੱਜ ਫ਼ਕੀਰ ਦੇ, ਦੋ ਬੋਲ ਨੇ ਤੇਰੇ—
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਗੋਰਾਂ ਦੇ ਵਿਚ ਰੁਲਦਿਆਂ
ਮੇਰੀ ਵਾਜ ਖਲੋਈ:
ਦੂਰ ਸੁੰਨ ਬਿਕਰਾਲ ਵਿਚ
ਕਿਤੇ ਰੱਤ ਹੈ ਚੋਈ,
ਸੱਭੋ ਸਾਵਨ ਕੂਕ ਪਏ...
ਚੁੱਕ ਕੂੰਜੜੀ ਮੋਈ,
ਪੈਂਡਾ ਤੇਰੇ ਹੁਕਮ ਦਾ, ਬਹੂੰ ਦੂਰ ਅਗੇਰੇ–
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਹੱਡਾਂ ਦੇ ਵਿਚ ਚੱਲਦਾ
ਵੱਡ ਚਰਖ ਦਾ ਗੇੜਾ,
ਸਤਲੁਜ ਭਰਿਆ ਲਹੂ ਦਾ
ਕਿਤੇ ਰਹਿਮ ਹੈ ਤੇਰਾ,
ਸਹਿਕ ਰਹੇ ਲੈ ਅੱਥਰੂ
ਸ਼ਮਸ਼ੀਰ ਦਾ ਜੇਰਾ-
ਢੱਕ ਲਏ ਲਸ਼ਕਰ ਥਲਾਂ ਦੇ, ਮੇਰੇ ਕੋਟ-ਬਨੇਰੇ—
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਮਨੀ ਸਿੰਘ ਦੇ ਪੋਟਿਆਂ
'ਤੇ ਕਰਮ ਦੁਰਾਡਾ,
ਇਸ ਮਿੱਟੀ ਦੀ ਮੁੱਠ ਵਿਚ
ਕੁਰਲਾਟ ਹੈ ਡਾਢਾ,
ਬਹੁੜੀਂ ਕਲਗੀ ਵਾਲਿਆ
ਕੋਈ ਦੇਸ ਨ ਸਾਡਾ !
ਮੁੱਠ ਵਿਚ ਵੇਲਾ ਹਸ਼ਰ ਦਾ, ਅੱਜ ਸੱਥਰੀਂ ਡੇਰੇ-
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਗੁਜ਼ਰੇ ਕਹਿਰ ਫ਼ਕੀਰ 'ਤੇ
ਵਿਚ ਰਣ ਸਭਰਾਵਾਂ,
ਕੋਈ ਵੀ ਕਿਸੇ ਦਾ ਰਿਹਾ ਨ
ਨਾ ਰਾਹ ਸਿਰਨਾਵਾਂ,
ਬੇਹਾਲ
ਸਤਲੁਜ ਤੇ ਲੇਟੀਆਂ
ਬੇਹਾਲ ਹਵਾਵਾਂ,
ਲੱਭਦੇ ਪੈੜ ਹਜ਼ੂਰ ਦੀ, ਬੇਨੂਰ ਹੋ ਖੇੜੇ-
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਲੱਥੀ ਗਹਿਰ ਫ਼ਕੀਰ ਤੇ
ਬੇ-ਓੜਕ ਕਾਲੀ,
ਕਾਲੇ ਖੂਹ ਵਿਚ, ਨੂਰ ਦਾ
ਹੱਥ ਦਿਸੇ ਨ ਹਾਲੀ,
ਲਸ਼ਕਰ ਚੜ੍ਹੇ ਵਜੀਦ ਦੇ
ਰਾਹ ਵੇਖਣ ਚਾਲੀ;
ਸੱਚਾ ਕਰਮ ਹਜ਼ੂਰ ਦਾ, ਕਦੇ ਪਾਵੇ ਫੇਰੇ–
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਰੇਤ ਦੇ ਖ਼ਾਲੀ ਬੁੱਤ ਵਿਚ
ਕਿਤੇ ਹੈਣ ਕਿਨਾਰੇ,
ਨਫ਼ਸ ਦੇ ਕਿਣਕੇ ਅੰਦਰਾਂ
ਲੱਖ ਚੜ੍ਹਣ ਸਿਤਾਰੇ,
ਇਸ ਕਲਬੂਤ ਤੋਂ ਬਾਹਰ ਨੇ
ਮੇਰੇ ਯਾਰ ਪਿਆਰੇ,
ਲਾ-ਮਕਾਨ 'ਤੇ ਵਿਛੇ ਨੇ, ਕੁੱਲ ਸੱਥਰ ਤੇਰੇ,
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਰਾਹ ਨਾਬੂਦ ਤੇ ਫੈਲਦੇ
ਮੇਰੀ ਸ਼ਾਮ ਦੇ ਅੱਖਰ,
ਹੱਥ ਜਲਾਦਾਂ ਲਿਖੇ ਨੇ
ਸ਼ਮਸ਼ਾਨ ਦੇ ਅੱਖਰ,
ਸੋਹਣਿਆਂ ਤੇਰੀ ਨਜ਼ਰ ਮੈਂ
ਅਰਮਾਨ ਦੇ ਅੱਖਰ;
ਸਾਨੂੰ ਰੋਗ ਕਦੀਮ ਦਾ, ਕਰ ਬੇਰੇ ਬੇਰੇ-
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਗਾਨਾ ਬੰਨ੍ਹ ਕੇ ਸਿਦਕ ਦਾ
ਮੈਂ ਫੇਰ ਨਾ ਮੁੜਿਆ,
ਛਾਲੇ ਛਾਲੇ ਰੁਲ ਗਿਆ
ਤਨ ਥਲਾਂ ਚ ਝੁਰਿਆ,
ਤੋਸ਼ਾ ਤੇਰੇ ਹੁਕਮ ਦਾ
ਬੱਸ ਰਾਹ ਲਈ ਜੁੜਿਆ;
ਰੋਂਦੇ ਰਹਿਣ ਜੱਲਾਦ ਵੀ, ਮੇਰੇ ਸੁੰਞੇ ਵਿਹੜੇ-
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਧੁਖਦਾ ਪਾਸਾ ਵਿਲਕਿਆ
ਤਨ ਲੜਿਆ ਕਾਢਾ,
ਪੁਰਸਲਾਤ 'ਤੇ ਖੜਾ ਹੈ
ਲੈ ਨੌਬਤ ਡਾਢਾ,
ਸ਼ਹੁ-ਤਕਦੀਰ ਦੇ ਪੱਤਣੀਂ
ਹੈ ਕੁਝ ਤਾਂ ਸਾਡਾ।
ਹੱਭੋ ਮੁਲਖ ਬੇਗਾਨੜਾ, ਕੋਈ ਹੰਝ ਨ ਕੇਰੇ—
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਉੱਠ ਗਏ ਮੇਰੇ ਗਵਾਹ ਨੇ
ਮੈਨੂੰ ਸਮਝ ਬੇਗਾਨਾ,
ਸ਼ਹੁ ਦਰਿਆ ਜਿਉਂ ਛੋਡ ਕੇ
ਤੁਰ ਜਾਣ ਰਕਾਨਾਂ,
ਜਾਪਨ ਮੇਰੇ ਹਾਲ ਦੇ
ਗਏ ਤੋੜ ਜ਼ਬਾਨਾਂ;
ਤੁਰਿਆ ਈਦ ਦਾ ਚੰਨ ਵੀ, ਛੱਡ ਬਾਗ਼ ਹਨੇਰੇ-
ਛਿਪਿਆ ਸੂਰਜ ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
ਜਿੰਦ ਨਿਮਾਣੀ ਡੋਲਦੀ
ਘਿਰਿ ਰੋਹ-ਪਰਵਾਜ਼ਾਂ,
ਘੋਰ ਦੁਰੇਡੀ ਸੰਞ ਵਿਚ
ਖੋ ਜਾਣ ਆਵਾਜ਼ਾਂ,
ਚਾਇਆ ਸਾਡੀ ਸਾਡੀ ਜਿੰਦ ਨੂੰ
ਤੇਰੇ ਸੋਹਣਿਆਂ ਬਾਜ਼ਾਂ;
ਪਾੜ ਦੇ ਆ ਕੇ ਸੋਹਣਿਆਂ, ਬੇ-ਦਾਵੇ ਮੇਰੇ !
ਛਿਪਿਆ ਸੂਰਜ ' ਕਹਿਰ ਦਾ, ਮੇਰੀ ਚਿਖਾ ਦੇ ਨੇੜੇ।
(2)
ਤੂੰ ਆਵੀਂ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ,
ਸੁਪਨਾ ਪੁਰੀ ਆਨੰਦ ਦਾ, ਬੇ-ਨੂਰ ਦੁਰਾਡਾ।
ਤੈਂਡਾ ਰਹਿਮ ਪਛਾਣ ਕੇ
ਮੈਂ ਨਿਸਚਾ ਕਰਿਆ,
ਰੁੱਤ ਘਾਮ ਪਰਦੇਸ ਦੀ
ਕੋਈ ਬੂਟ ਨ ਹਰਿਆ,
ਸੁੰਞਾ ਸਤਲੁਜ ਚਿਰਾਂ ਤੋਂ
ਬੇ-ਨੀਰ ਹੈ ਦਰਿਆ,
ਰੁਲਦਾ ਨਾਮ ਹਜ਼ੂਰ ਦਾ, ਕੋਈ ਵੇਸ ਨ ਸਾਡਾ,
ਤੂੰ ਬਹੁੜੀਂ ਕਲਗ਼ੀ ਵਾਲਿਆ, ਕੋਈ ਦੇਸ ਨ ਸਾਡਾ।
ਰੋਹੀ ਘਾਮ ਦੀ, ਮੁੱਕਿਆ !
ਤੇਰੇ ਕਰਮ ਦਾ ਪੈਂਡਾ,
ਸ਼ੁਕਰ ਦੀ ਜੂਹੇ ਵੜਦਿਆਂ
ਸਾਹ ਟੁੱਟਿਆ ਮੈਂਡਾ,
ਸੁੱਟਿਆ ਖ਼ਾਕ ਜੀਰਾਣ ਵਿਚ
ਰੋ ਤੋਸ਼ਾ ਤੈਂਡਾ :
ਬਹਿ ਕੇ ਬਾਜ਼ ਦੇ ਖੰਭ 'ਤੇ, ਦਿਲ ਰੋਇਆ ਡਾਢਾ !
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਸੁੰਞੇ ਪੱਤਣ ਚਿਰਾਂ ਦੇ
ਕੋਈ ਖ਼ਬਰ ਨ ਤੈਨੂੰ,
ਸਤਲੁਜ ਭਰਿਆ ਲਹੂ ਦਾ
ਛੱਡ ਮਿਲੀਏ ਕੈਨੂੰ ?
ਸ਼ਹੁ-ਤਕਦੀਰ ਦਾ ਖੇਡਦਾ
ਬਿਨ ਦੱਸਿਆਂ ਮੈਨੂੰ;
ਮੁਲਖਾਂ ਵਾਲਿਆਂ ਲਾਇਆ, ਦਰਵੇਸ਼ ਨਾ' ਆਢਾ,
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਦਾਮਨ ਤੈਂਡਾ ਪਾਟ ਕੇ
ਵਿਚ ਰੁਲਿਆ ਰੋਹੀਆਂ,
ਜਿੰਦਾਂ ਲੱਖ ਨਿਮਾਣੀਆਂ
ਤੱਕ ਸਰਸਾ ਰੋਈਆਂ,
ਟੁੱਟੀ ਅਰਜ਼ ਮੁਰੀਦ ਦੀ
ਸੁਣ ਹੰਭੀ, ਮੋਈਆਂ;
ਜੋਬਨ ਪਿਆ ਮੁਕਾਂਵਦਾ, ਸਿਰ ਝੁਲਦਾ ਜਾਡਾ-
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਗੋਰਾਂ ਘੁੱਪ ਹਨੇਰੀਆਂ
ਸਾਹ ਹੌਲ ਕੇ ਡੋਲੇ,
ਗਲੀਂ ਜਿਨ੍ਹਾਂ ਦੇ ਬਾਹੜੀਆਂ
ਉਹ ਫੇਰ ਨ ਬੋਲੇ,
ਕਿੰਨੇ ਸ਼ਹਿਰ ਆਬਾਦ ਨੇ
ਤੇਰੇ ਦਾਮਨ ਓਹਲੇ !
ਹਿੱਕੋ ਵਾਰ ਹੀ ਤੱਕ ਲਏ, ਅਸਵਾਰ ਜੇ ਡਾਢਾ-
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਸੁੰਝਾਂ ਮੂੰਝ ਬੇ-ਰੁੱਤੀਆਂ
ਤਿਰਾ ਦਿਸੇ ਨ ਦਾਮਨ,
ਨ ਕੋਈ ਹੁਕਮ ਹਜ਼ੂਰ ਦਾ
ਨ ਪੈੜ ਨ ਜ਼ਾਮਨ,
ਦੂਰ ਘੰਗੋਰਾਂ ਉਠਦੀਆਂ
ਕਿਤੇ ਲਸ਼ਕਰ ਜਾਵਣ,
ਜਾਪੇ ਸਾਡੇ ਸਿਰਾਂ 'ਤੇ, ਕੋਈ ਰੋਸ ਤੁਹਾਡਾ-
ਤੂੰ ਬਹੁੜੀਂ ਕਲਗੀ ਵਾਲਿਆ, ਕੋਈ ਦੇਸ ਨ ਸਾਡਾ।
ਸੁਪਨਾ ਪੁਰੀ ਆਨੰਦ ਦਾ, ਬੇ-ਨੂਰ ਦੁਰਾਡਾ।