ਏਹ ਤੇਰੇ ਤੇ ਮੇਰੇ ਪਿਆਰ ਦੀ
ਸਿਖ਼ਰ ਹੈ
ਇਸ ਪਲ ਆਪਾਂ ਪਾਣੀ ਵਾਂਗੂੰ
ਇੱਕ ਦੂਜੇ ਦੇ ਵਿੱਚ ਸਮਾਏ
ਸਾਡੇ ਪਿੰਡਿਆਂ ਦੇ ਵਿਚਕਾਰੋਂ
ਪੌਣ ਤੀਕ ਨਾ ਲੰਘ ਪਾਏ
ਇਸ ਪਲ
ਸਾਡੇ ਸਾਹਾਂ ਦੇ ਵਿੱਚ
ਸੂਈ ਜਿੰਨੀ ਵੀ ਵਿਥ ਨਹੀਂ ਹੈ
ਦੱਸ ਇਹ ਕਿਹੜਾ ਕਹਿ ਸਕਦਾ ਹੈ
ਕਿ ਸਾਡੀ ਰੂਹ ਇੱਕ ਨਹੀਂ ਹੈ
ਪਰ ਕੁਝ ਪਲਾਂ ਨੂੰ
ਪਿਆਰ ਦੀ ਏਸ ਸਿਖ਼ਰ ਤੋਂ ਹੇਠਾਂ
ਆਉਣਾ ਪੈਣਾ
ਅਨੂਠਾ ਜਿਹਾ ਇਹ ਸਵਰਗ ਤਿਆਗ ਕੇ
ਜੀਵਨ-ਸੱਚ ਗਲ ਲਾਉਣਾ ਪੈਣਾ....
ਆ ਕਿ ਸੱਜਣੀ
ਏਸੇ ਪਲ ਵਿੱਚ
ਜੀਵਨ ਸਾਰਾ ਭਰ ਜਾਈਏ
ਇਸ ਵਿਸਮਾਦ ’ਚ
ਇਸ ਆਨੰਦ ’ਚ
ਇਸੇ ਸਿਖ਼ਰ ਤੇ ਮਰ ਜਾਈਏ
ਏਹ ਤੇਰੇ ਤੇ ਮੇਰੇ ਪਿਆਰ ਦੀ
ਸਿਖ਼ਰ ਹੈ.....।