ਸਿਖ਼ਰ ਦੁਪਹਿਰਾਂ ਵਿਚ ਸੁਣਦਾ ਹਾਂ
ਇਕ ਕੋਇਲ ਦਾ ਬੋਲ
ਜਿਉਂ ਅਗਨੀ ਦੇ ਝੁਰਮਟ ਥਾਣੀ
ਲੰਘੇ ਇਕ ਛਾਂ ਸੁਹਲ
ਇਕ ਹਰਿਆ ਸੁਰ ਮਹਾਂ ਅਗਨ ਵਿਚ ਬੁਝ ਜਾਂਦਾ ਹੈ
ਨਿਸਰੰਗੇ ਪਾਣੀ ਦੇ ਸੀਨੇ
ਝਿਲਮਿਲ ਦੀਪ ਜਗੇ
ਜਿਉਂ ਮਿਰਤਕ ਦੀ ਗੋਦੀ ਵਿਚ
ਇਕ ਚਿਣਗੀ ਸਵਾਸ ਲਵੇ
ਚਾਰ ਕਦਮ ਤੁਰ ਕੇ ਹੀ ਚਿਣਗੀ ਡੁਬ ਜਾਂਦੀ ਹੈ
ਬਹੁਤ ਵਾਰ ਹਉਂ ਨੂੰ ਸਮਝਾਇਆ
ਹਰਿਆ ਸੁਰ ਨਾ ਬੋਲ
ਭਉ-ਸਾਗਰ ਵਿਚ ਮਹਾ ਨਿਗੂਣੀ
ਅਗ ਦੀ ਡਲੀ ਨਾ ਘੋਲ
ਪਰ ਹਉਂ ਮਰਨ ਲਈ ਜੀਂਦੀ ਹੈ
ਇਕ ਛਾਂ ਅਗਨੀ ਵਿਚ ਸੜਦੀ ਹੈ
ਚਿਣਗੀ ਜਲ-ਮਹੁਰਾ ਪੀਂਦੀ ਹੈ