ਸਿਖਰ-ਦੁਪਹਿਰੇ ਸੜਕਾਂ ਉੱਤੇ

ਸਿਖਰ-ਦੁਪਹਿਰੇ ਸੜਕਾਂ ਉੱਤੇ ਧੁੱਪਾਂ ਲਿਸ਼ਕਦੀਆਂ ।

ਅੱਧੇ ਦਿਨ ਦੀ ਫਰਲੋ ਮਾਰ ਕੇ ਮੁੜੀਆਂ ਭੈਣਜੀਆਂ ।

'ਕੱਠੀਆਂ ਹੋ-ਹੋ ਕਰਨ ਕਲੋਲਾਂ ਹਾਸੇ ਛੰਡਦੀਆਂ ।

ਦਿਲ ਦੀ ਝੀਲ ’ਚ ਵੰਨ-ਸੁਵੰਨੀਆਂ ਬਤਖ਼ਾਂ ਤੈਰਦੀਆਂ ।

ਕਮਰੇ ਵਿਚ ਇਕਲਾਪੇ ਦੀ ਰੁੱਤ ਧਰਨੇ ਬੈਠ ਗਈ , 

ਧੁੱਪਾਂ-ਛਾਵਾਂ ਛੂਹਣ-ਛੁਹਾਈ ਖੇਡਦੀਆਂ ।

ਭਾਵੇਂ ਆਪਾਂ ਨਾ ਹੋਵਾਂਗੇ ਇਹਨਾਂ ਦੇ ਵਿਚਕਾਰ , 

ਸਾਡੇ ਮਗਰੋਂ ਵੀ ਇਹ ਰੁੱਤਾਂ ਅਕਸਰ ਆਉਣਗੀਆਂ । 

ਉਸ ਨਗਰੀ ਦੇ ਵਾਸੀ ਕਿੱਦਾਂ ਪਹੁੰਚਣ ਮੰਜ਼ਿਲ 'ਤੇ ? 

ਜਿੱਥੇ ਚੌਰਸਤੇ ਦੀਆਂ ਬੱਤੀਆਂ ਰਸਤਾ ਪੁੱਛਦੀਆਂ । 

ਖ਼ਵਰੇ ! ਇਹਨਾਂ ਨੂੰ ਕੀ ਦਿਸਦਾ ਸਾਡੇ ਘਰ ਅੰਦਰ , 

ਸਾਡੇ ਘਰ 'ਤੇ ਨੀਵਾਂ-ਨੀਵਾਂ ਗਿਰਝਾਂ ਉੱਡਦੀਆਂ ।

ਦਫ਼ਤਰ ਵਿਚ ਕੰਪਿਊਟਰ ਬਣ ਚੁੱਕੇ ਹਾਂ 'ਇਕਵਿੰਦਰ' , 

ਕਾਲਜ ਵਾਂਗਰ ਕਿੱਥੋਂ ਲੱਭਣ ਘੜੀਆਂ ਮੌਜ ਦੀਆਂ ।

📝 ਸੋਧ ਲਈ ਭੇਜੋ