ਸਿੱਕੇ ਦੇ ਦਾਗ਼

ਆਉ ਦੋ ਪਲ

ਹੁਣ ਦੇ ਸਭ ਧੰਦਿਆਂ ਤੋਂ ਬਚ ਕੇ 

ਗਹਿਮਾ ਗਹਿਮੀ ਭਰੇ ਬਜ਼ਾਰਾਂ ਥਾਣੀ 

ਤਵਾਰੀਖ ਦੇ ਤੰਗ ਰਾਹਾਂ 'ਚੋਂ ਲੰਘ ਕੇ 

ਹਰਿਮੰਦਰ ਸਾਹਿਬ ਦੇ ਨੇੜੇ 

ਇਕ ਖੁੱਲ੍ਹੇ ਮੈਦਾਨ 'ਚ ਫੇਰਾ ਪਾਈਏ 

ਇਸ ਧਰਤੀ ਨੂੰ ਸੀਸ ਨਿਵਾਈਏ 

ਇਸ ਮਿੱਟੀ ਦੀ ਚੁਟਕੀ ਮੱਥੇ ਲਾਈਏ

ਇਸ ਮੈਦਾਨ ਦੇ ਚੌਹੀ ਪਾਸੀਂ

ਕੁਝ ਨਿੱਕੀਆਂ ਤੇ ਕੁਝ ਵੱਡੀਆਂ ਇੱਟਾਂ ਦੇ

ਬਹੁ ਮੰਜ਼ਲੇ ਘਰੇ ਵਸਦੇ ਰਸਦੇ

ਜਿੰਨ੍ਹਾਂ ਦੀਆਂ ਕੰਧਾਂ ਤੇ ਲੱਗੇ

ਇਹ ਸਿੱਕੇ ਦੇ ਜ਼ਖ਼ਮ ਪੁਰਾਣੇ

ਸਾਨੂੰ ਸਾਡੇ ਸੰਘਰਸ਼ਾਂ ਦੀ ਵਿਥਿਆ ਦੱਸਦੇ

ਇਹ ਪੱਥਰ ਦੀ ਲਾਟ ਨਿਸ਼ਾਨੀ

ਓਸ ਅਜ਼ਮ ਦੀ

ਜਿਸਨੂੰ ਅੱਤਿਆਚਾਰ ਕਹਿਰ ਦੇ ਠੇਕੇ

ਝੱਖੜ

ਕਦੀ ਬੁਝਾ ਨਹੀਂ ਸਕੇ

ਅਸੀਂ ਹਾਂ ਜਿਸ ਬੂਟੇ ਦੀ

ਚਿੱਤਕਬਰੀ ਜਹੀ ਛਾਵੇਂ ਬੈਠੇ

ਸਾਡੇ ਬੱਚਿਆਂ

ਜਿਸਦਾ ਮਿੱਠਾ ਫਲ ਖਾਣਾ ਹੈ

ਇਸ ਮੈਦਾਨ 'ਚ ਉਸ ਬੂਟੇ ਨੂੰ 

ਸਾਡੇ ਵੱਡਿਆ 

ਹਿੰਦੂਆਂ ਸਿੱਖਾਂ ਅਤੇ ਮੋਮਨਾਂ

ਸਾਂਝੀ ਰੱਤ ਪਾ ਕੇ ਸਿੰਜਿਆ ਸੀ

ਆਪ ਵਿਸਾਖੀ ਸਾਖੀ ਹੋਈ 

ਐਤਵਾਰ ਦੇ ਲੌਢੇ ਵੇਲੇ 

ਜਦ ਹੰਕਾਰੇ ਹਾਕਮ ਨੇ ਸੀ

ਜਬਰ ਜ਼ੁਲਮ ਦੀ ਵਾਢੀ ਪਾਈ 

ਪਲਾਂ ਛਿਨਾਂ ਵਿਚ

ਬੇਦੋਸ਼ੇ ਮਾਸੂਮ ਨਿਹੱਥੇ 

ਜਿਸਮਾਂ ਦੇ ਸੀ ਸੱਥਰ ਲੱਥੇ 

ਪਰ ਜਿਸਮਾਂ ਦੇ ਅੰਦਰ ਬਲਦੀ 

ਲਾਟ ਕਦੀ ਨਹੀਂ ਮੱਧਮ ਹੁੰਦੀ 

ਤੇ ਸਿੱਕੇ ਦੀ ਵਾਛੜ ਵਿਚ ਵੀ 

ਸੱਚ ਕਦੀ ਨਾ ਜ਼ਖ਼ਮੀ ਹੁੰਦਾ 

ਤੇ ਆਦਰਸ਼ ਕਦੀ ਨਾ ਮਰਦੇ 

ਇਹ ਸਿੱਕੇ ਦੇ ਦਾਗ਼ ਨਹੀਂ ਹਨ

ਜਲ੍ਹਿਆਂ ਵਾਲੇ ਬਾਗ਼ ਦੀਆਂ ਕੰਧਾਂ ਦੇ ਉੱਤੇ 

ਉੱਕਰਿਆ ਇਤਿਹਾਸ ਹੈ ਸਾਡਾ

ਇਸ ਮੈਦਾਨ 'ਚ ਲਹੂ ਦੇ ਸਿੰਜੇ

ਫੁਲਾਂ ਨੇ ਨਿੱਤ ਮੁਸਕਾਣਾ ਹੈ

ਏਸ ਬਿਰਛ ਨੇ ਹੈ ਹਾਲੀ ਘਣਛਾਵਾਂ ਹੋਣਾ

ਸਾਡੇ ਬੱਚਿਆਂ

ਜਿਸਦਾ ਮਿੱਠਾ ਫਲ ਖਾਣਾ ਹੈ।

📝 ਸੋਧ ਲਈ ਭੇਜੋ