ਇਹ ਜਾਤਾਂ-ਪਾਤਾਂ, ਧਰਮਾਂ-ਕਰਮਾਂ ਵਾਲਾ ਸਿਲਸਿਲਾ,

ਇਹ ਕਾਲੇ-ਗੋਰੇ, ਅਮੀਰ-ਗਰੀਬ ਵਾਲਾ ਵਿਤਕਰਾ,

ਇਸ ਵਿਤਕਰੇ ਵਿੱਚ ਇਨਸਾਨ ਜਲ਼ਦਾ ਰਹੇਗਾ,

ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਕਦੋਂ ਤੱਕ ਸਰਮਾਏਦਾਰ ਵਿਹਲੇ ਬੈਠੇ-ਬੈਠੇ ਖਾਣਗੇ,

ਤੇ ਮਿਹਨਤਾਂ ਦੇ ਮੁੱਲ ਕਦ ਤੱਕ ਵਿਅਰਥ ਜਾਣਗੇ,

ਕਿਰਤੀ ਲੋਕਾਂ ਦਾ ਸਰੀਰ ਦੁੱਖੜੇ ਝੱਲਦਾ ਰਹੇਗਾ,

ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਧਰਮਾਂ ਦੀ ਆੜ ਲੈ ਕੇ ਲੋਕਾਂ ਨੂੰ ਲੁੱਟ ਰਹੇ ਨੇ ਜੋ,

ਰਾਜਨੀਤੀ ਦੀ ਕਹੀ ਨਾਲ ਜੜੋਂ ਸਾਨੂੰ ਪੁੱਟ ਰਹੇ ਨੇ ਜੋ,

ਬੋਲਬਾਲਾ ਨੇਤਾਵਾਂ ਕਪਟ-ਛਲ ਦਾ ਰਹੇਗਾ,

ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

ਕਦੋਂ ਮਾਰੀ ਜਾਵੇਗੀ ਸਦੀਆਂ ਦੀ ਰੂੜੀਵਾਦੀ ਸੋਚ,

ਤੇ ਅਸੀਂ ਇੱਕ ਤਰਕ ਭਰੀ ਸੋਚ ਨੂੰ ਰਹੇ ਹਾਂ ਲੋਚ,

ਸਿੱਧੂ' ਪ੍ਰੰਪਰਾ ਦੀ ਗੋਦੀ ਆਦਮੀ ਪਲਦਾ ਰਹੇਗਾ,

ਆਖਰ ਕਦੋਂ ਤੱਕ, ਇਹ ਸਿਲਸਿਲਾ ਚਲਦਾ ਰਹੇਗਾ?

📝 ਸੋਧ ਲਈ ਭੇਜੋ