ਸਿੰਧ ਮਹਿਜ਼ ਦਰਿਆ ਨਹੀਂ

ਕੁਦਰਤ ਨੇ ਕੈਸੀ ਸੜਕ ਬਣਾਈ

ਵਗਦੀ !

ਸੱਭਿਅਤਾਵਾਂ ਸਿਰਜਦੀ

ਜੋੜਦੀ ਕਈ ਭਾਸ਼ਾਵਾਂ

ਕੌਮਾਂ ਕਬੀਲਿਆਂ ਨੂੰ…

ਰੁਦੇ ਸਿੰਧ, ਅਬਾਸਿਨ

ਅਲ ਸਿੰਧ, ਸੇਂਗੇ ਚੂ

ਯਿਦੂ ਹੇ, ਸੇਂਗੇ ਜਾਂਗਬੋ

ਨਦੀ ਸਿੰਧੂ, ਨਿਲਾਬ

ਦਰਿਆ-ਏ-ਸਿੰਧ, ਇੰਡਸ !

ਇਹ ਹੈ ਉਨ੍ਹਾਂ ਸੱਭ ਦੀ ਮੁਹੱਬਤ

ਜੋ ਆਏ ਇਕੱਲੇ

ਵੱਸੇ, ਤੁਰੇ, ਉੱਜੜੇ

ਸਿੰਧ ਦੇ ਸਿਰਜੇ

ਕਈ ਸਿਲਕ ਰੂਟਾਂ ਤੇ…

ਸਿੰਧ ਇਕੱਲੇ ਹੋਣ ਦਾ ਨਾਮ ਨਹੀਂ

ਸੰਗਮ ਹੈ ਬਗਲਗੀਰੀਆਂ ਦਾ

ਇੱਕ ਪਾਸਿਓਂ ਆਉਂਦਾ ਹੈ

ਸ਼ਿਓਕ ਦਰਿਆ

ਵਗਦਾ ਰੀਮੋ ਗਲੇਸ਼ੀਅਰ ਦੀ ਗੋਦ ਵਿੱਚੋਂ

ਲਿਆਉਂਦਾ ਨਾਲ ਜੋ

ਨਦੀ ਹੁਲਦੀ ਤੇ ਦਰਿਆ ਹੁੰਜਾ ਨੂੰ

ਦਾਰਿਲ ਰਲ਼ਦੀ ਤੇ ਫੇਰ ਤਾਂਗੀਰ ਮਿਲਦੀ

ਫੇਰ ਕਾਂਦੀਆ ਦੇ ਪਾਣੀ ਵੀ ਨਾਲ ਤੁਰਦੇ

ਸੱਭ ਮਿਲਦੇ ਸਿੰਧ ਦੇ ਪਾਣੀਆਂ ਵਿੱਚ

ਘੋਲਦੇ ਰੰਗ ਤੇ ਖੁਸ਼ਬੋ ਆਪਣੀ ਉਹ…

ਵਿਚਾਲਿਓਂ ਆਉਂਦਾ ਜਿਹਲਮ ਮਿਲਦਾ ਝਨਾਂ ਨੂੰ

ਦੋਵੇਂ ਰਲ਼ਕੇ ਨੇ ਰਾਵੀ ਕੋਲ਼ ਜਾਂਦੇ

ਸਿੰਧ ਵਿੱਚ ਰਲ਼ਦੇ ਬਿਹਬਲ ਪਾਣੀਆਂ ਸੰਗ

ਸਿੰਧ ਇਸ਼ਕ ਦਾ ਸੇਕ ਮਹਿਸੂਸ ਕਰਦਾ…

ਬ੍ਰਹਮਾ ਚਿਤਵਿਆ ਸੀ ਜਦ ਮਨ ਅੰਦਰ

ਕੈਲਾਸ਼ ਪਰਬਤ ਪਿਘਲਿਆ

ਤੇ ਬਣੀ ਝੀਲ- ਮਾਨਸਰੋਵਰ

ਪਵਿੱਤਰ ਨਿਰਮਲ ਜਲ ਕੋਸ਼

ਜਿਸਨੂੰ ਛੂਹਣ ਪੀਣ ਤੇ ਹੀ

ਟੁੱਟਦੇ ਕਸ਼ਟ ਤੇ ਧੋਤੇ ਪਾਪ ਜਾਂਦੇ

ਇਸੇ ਝੀਲ ਅਨੋਨਿਤ ਕੋਲ਼ ਰਹਿੰਦੀ

ਰਾਣੀ ਮਾਇਆ ਦੀ ਕਾਇਆ 'ਚ ਬੁੱਧ ਆਇਆ...

ਇਨ੍ਹਾਂ ਪਾਣੀਆਂ ਕੋਲ਼ੋਂ ਪਿਆਰ ਲੈਕੇ

ਠਾਠਾਂ ਮਾਰਦਾ ਸਤਲੁਜ ਤੁਰ ਪੈਂਦਾ

ਮਿਲਦਾ ਬਿਆਸ ਨੂੰ ਪਾਕੇ ਗਲ਼ਵੱਕੜੀ

ਲੈ ਝਨਾਬ ਨੂੰ ਰਲ਼ੇ ਵਿੱਚ ਸਿੰਧੂ

ਤੇ ਗੂੰਜਦਾ ਹੈ ਪੰਜ ਨਾਦ ਇਸ ਵਿੱਚ

ਇਹੀ ਸਿੰਧੂ ਆਧਾਰ ਹੈ ਹਿੰਦ ਦਾ

ਤੇ ਇਹੀ ਪੰਜ ਆਬ ਪੰਜਾਬ ਵਾਲਾ

ਮਿਲ਼ੇ ਕੁਬਾ, ਅਰਜਿਕਿਆ ਤੇ ਸਰਸਵਤੀ

ਸੱਭ ਮਿਲੇ ਤਾਂ ਸਪਤਸਿੰਧ ਬਣਿਆਂ

ਸਤਰੰਗੀ ਵਿਵੱਧਤਾ ਆਣ ਜੁੜੀ ਏਥੇ…

ਇਹ ਸੱਭ ਨਦੀਆਂ ਤੇ ਦਰਿਆ

ਜੋ ਮਿਲਦੇ ਵਿੱਚ ਤੇਰੇ

ਤੇਰੀ ਦੇਹ ਦਾ ਹਿੱਸਾ, ਬਾਹਾਂ ਤੇਰੀਆਂ

ਜਿੱਥੇ ਵੀ ਮਿਲਦੀਆਂ ਸਿਰਜਣ ਦੋਆਬਾ-

ਬਿਸਤ, ਬਾਰੀ, ਰਚਨਾ,ਮਾਝ੍ਹਾ,

ਮਾਲਵਾ, ਪੋਠੋਹਾਰ/ਚੱਜ ਦੋਆਬਾ

ਸਿਰਜੇ ਤੇਰੀਆਂ ਬਾਹਾਂ

ਕੁਦਰਤ ਲੱਦੀਆਂ

ਰਹਿਣ ਦੀਆਂ ਇਹ ਸੁੰਦਰ ਥਾਵਾਂ

ਏਥੇ ਸਿੱਖਿਆ

ਸੱਭ ਨੇ ਰਲ਼ ਮਿਲ਼ ਬਹਿਣਾ,

ਪਿਆਰਨਾ ਤੇ ਦੁੱਖ ਸੁੱਖ ਸਹਿਣਾ

ਤੇਰੀ ਮਿਠਾਸ ਵਿੱਚ ਰਸੀਆਂ

ਰਚਨਾਵੀ, ਝਨਾਵੀ,ਪੋਠੋਹਾਰੀ

ਪਹਾੜੀ, ਧਾਨੀ, ਸ਼ਾਹਪੁਰੀ

ਮਾਝੀ, ਡੋਗਰੀ, ਗੋਜਰੀ ਤੇ ਕਾਂਗੜੀ ਵੀ

ਆਜੜੀ, ਛਾਂਛੀ, ਮਾਲਵੀ ਤੇ ਮੁਲਤਾਨੀ

ਸਰਾਇਕੀ, ਹਿੰਦਕੋ, ਲੁਬਾਣੀ ਤੇ ਰਿਆਸਤੀ ਵੀ…

ਦਰਿਆਦਿਲੀ ਹੈ ਦਰਿਆ ਸਿੰਧ ਤੇਰੀ

ਤੂੰ ਮੇਲ਼ਿਆ ਵੱਖ ਵੱਖ ਰਹਿੰਦੇ

ਭਾਈਚਾਰਿਆਂ -ਕੌਮਾਂ ਕਬੀਲਿਆਂ ਨੂੰ

ਜੀਵ ਜੰਤੂਆਂ ਜੰਗਲ਼ ਬੇਲਿਆਂ ਨੂੰ

ਅਨੇਕਤਾ ਪਰੋ ਦਿੱਤੀ ਵਿੱਚ ਪਾਣੀਆਂ ਤੂੰ

ਸੱਭਿਅਤਾਵਾਂ ਦੀ ਲੜੀ ਵੀ ਤੋਰ ਦਿੱਤੀ

ਮੇਹਰਗੜ੍ਹ, ਹੜੱਪਾ ਤੇ ਮਹਿੰਜੋਦਾੜੋ

ਮਨੁੱਖ ਦੀ ਪਿਆਸ ਨੂੰ ਅਰਥਾਂ ਦੀ ਲਹਿਰ ਦਿੱਤੀ

ਛੈਣੀ 'ਥੌੜੇ ਨੇ ਘੱੜੀ ਗੰਧਾਰ ਸ਼ੈਲੀ

ਗਿਆਨ ਲਈ ਤਕਸ਼ਿਲਾ ਵੀ ਬਣੀ ਏਥੇ

ਰਿੱਗਵੇਦ, ਉਪਨਿਸ਼ਦ ਵੀ ਸਿਰਜ ਹੋਏ

ਫੈਲੀ ਰੌਸ਼ਨੀ ਫਲਸਫ਼ੇ ਦੀ ਜੱਗ ਸਾਰੇ

ਰਮਾਇਣ ਮਹਾਭਾਰਤ ਦੀ ਇਹ ਕਰਮਭੂਮੀ

ਮਹਾਂਕਾਵਿ ਸੰਸਾਰ ਨੂੰ ਮਿਲੇ ਏਥੋਂ

ਬੁੱਧ ਧਰਮ ਦੀ ਵੀ ਏਥੇ ਪੈਠ ਕਾਫੀ

ਬਾਮਿਆਨ ਵਰਗੇ ਸ਼ਾਹਕਾਰ ਤੇਰੇ

ਸੂਫੀ ਸੰਤਾਂ ਫ਼ਕੀਰਾਂ ਨੇ ਬਾਲ਼ ਧੂਣੀ

ਨੱਚ ਨੱਚ ਕੇ ਹਿਰਦਿਆਂ ਠਾਰ ਪਾਈ

ਬਾਬੇ ਨਾਨਕ ਦੀ ਕੀਤੀ ਆਰਤੀ ਨੇ

ਮਨੁੱਖਤਾ ਦੀ ਜੋਤ ਜਗਾ ਦਿੱਤੀ

ਬੁੱਲੇ ਸ਼ਾਹ ਬਾਹੂ ਤੇ ਵਾਰਿਸ ਨੇ

ਗੁੱੜਤੀ ਇਸ਼ਕੇ ਦੀ ਪਾਣੀਆਂ ਲਾ ਦਿੱਤੀ

ਹੀਰਾਂ ਰਾਂਝਿਆਂ, ਮਿਰਜ਼ਿਆਂ ਸੋਹਣੀਆਂ ਨੇ

ਧਰਤੀ ਮੁਹੱਬਤਾਂ ਨਾਲ ਰਜਾ ਦਿੱਤੀ…

ਦੂਰੋਂ ਉੱਡ ਕੇ ਆਉਣ ਡਾਰਾਂ ਦੁੱਧ ਚਿੱਟੀਆਂ

ਰਾਹ ਕਦੇ ਨਾ ਭੁੱਲਦੀਆਂ, ਆਉਂਦੀਆਂ ਹਰ ਸਾਲ

ਤੇਰੇ ਪਾਣੀਆਂ ਦੀ ਕਰਨ ਜ਼ਿਆਰਤ…

ਤੇਰੇ ਪਾਣੀਆਂ 'ਚੋਂ ਕੱਢ ਕੇ ਨਹਿਰਾਂ

ਖੇਤਾਂ ਫ਼ਸਲਾਂ ਦੀ ਪਿਆਸ ਬੁਝਾ ਦਿੱਤੀ

ਦੁੱਧ ਅੰਨ ਦੀ ਤੇਰੇ ਪਾਣੀਆਂ ਨੇ

ਸਾਰੇ ਹਿੰਦ ਲਈ ਛਹਿਬਰ ਲਾ ਦਿੱਤੀ…

ਵੱਧੀ ਹਵਸ ਜਦ 'ਹੋਰ ਹੋਰ' ਕਰਦੀ

ਪਾ ਕੇ ਖਾਦਾਂ ਦੇ ਨਾਮ ਤੇ ਜ਼ਹਿਰ ਖੇਤੀਂ

ਪੈਦਾਵਾਰ ਕਈ ਗੁਣਾਂ ਵਧਾ ਦਿੱਤੀ

ਪੈਦਾਵਾਰ ਵੱਧੀ ਨਾਲ ਵੱਧੀ ਖੱਟੀ…

ਕਥਾ ਚੱਲਦੀ ਚੱਲਦੀ ਕਿੱਧਰ ਚੱਲੀ?

ਹੌਲ਼ੀ ਹੌਲ਼ੀ ਚਾਟ ਤੇ ਲੱਗੇ ਜ਼ਹਿਰਾਂ ਦੀ

ਧਰਤੀ, ਜੀਆ ਜੰਤ ਤੇ ਮਨੁੱਖ ਸਾਰੇ

ਜ਼ਹਿਰੀਲੇ ਹੋ ਗਏ ਅੰਨ ਪਾਣੀ

ਤੇ ਦੁੱਧ ਦੇ ਵਗਦੇ ਦਰਿਆ

ਕਾਰਖਾਨੇ, ਮਸ਼ੀਨਾਂ

ਜੋ ਹਰ ਪਲ ਉੱਗਲ਼ਦੀਆਂ

ਤੇਜ਼ਾਬੀ ਧੂੰਏਂ ਤੇ ਗਾਰ ਜ਼ਹਿਰੀਲੀ

ਤੇਰੇ ਅੰੰਮ੍ਰਿਤ ਵਰਗੇ ਜਲ ਹੁਣ

ਵਰਜਿਤ ਹੋ ਗਏ ਛੂਹਣੇ-ਪੀਣੇ

ਕਰਜ਼ੇ-ਕੈਂਸਰ ਘੇਰ ਲਿਆ ਹੁਣ ਅੰਨਦਾਤਾ

ਜੂਝਣਾ ਸੀ ਜਿਸਦਾ ਕਿਰਦਾਰ ਪਹਿਲਾਂ

ਖੁਦਕਸ਼ੀਆਂ ਦੇ ਰਾਹ ਅੱਜ ਤੁਰ ਚੱਲਿਆ

ਦਰਸ਼ਨੀ ਜੁੱਸਿਆਂ ਦਾ ਜੋ ਸੀ ਮਾਲਕ

ਡਰੱਗਾਂ ਦੀ ਹੈਵੀ ਡੋਜ਼ ਵਿਚ ਡੁੱਬ ਚੱਲਿਆ

ਨਸ਼ਿਆਂ ਦਾ ਸੱਤਵਾਂ ਦਰਿਆ

ਹੋਣੀ ਬਣ ਗਿਆ ਤੇਰੀ ਸਿੰਧ ਮੀਆਂ…

ਜਿੰਨ੍ਹਾਂ ਫ਼ਖਰ ਨਾਲ

ਪੰਜਾਬ ਕਿਹਾ ਤੇਰੀ ਬੁੱਕਲ ਨੂੰ

ਉਨ੍ਹਾਂ ਹੀ ਵੰਡਿਆ, ਤੇ ਵੱਢ ਟੁੱਕ ਕੀਤੀ

ਧਰਮ, ਰਿਸ਼ਤੇ ਸੱਭ ਤਾਰ ਤਾਰ ਕੀਤੇ

ਜਿਹੜੇ ਸਾਂਝ ਦੀ ਸਹੁੰ ਦਿਨ ਰਾਤ ਖਾਂਦੇ

ਜਿੱਤ ਹਾਰ ਦੀ ਹਉਮੈਂ ਨੇ ਕੀਲ ਖਾਧਾ

ਦੁਸ਼ਮਣ ਬਣ ਗਏ ਉਹ ਖੂੰਖਾਰ ਮੀਆਂ…

ਪਾਣੀ ਵੰਡੇ ਤੇ ਵੰਡੀ ਧਰਤ ਏਨ੍ਹਾਂ

ਲੋਕ ਮਨ ਦੀ ਵੰਡੀ ਨਾ ਪਾ ਸਕੇ

ਸਹਿਕ ਰਹੇ ਨੇ ਪਿਆਰ ਦੀ ਮਹਿਕ ਲੈਕੇ

ਤੇਰੇ ਪਾਣੀਆਂ ਦੇ ਦੋਵੇਂ ਪਾਰ ਮੀਆਂ…

📝 ਸੋਧ ਲਈ ਭੇਜੋ