ਸਿੰਘ ਆ ਗਏ ਸੱਜ ਧੱਜ॥
ਤੇ ਖੁਮਾਰੀ ਚੜੀ ਰੱਜ॥
ਵੇਖੋ ਪਾਉਦੇ ਗੜਗੱਜ॥
ਪੱਬ ਰੱਖਦੇ ਜਮ੍ਹਾਂ ਹੀ ਪੋਲਾ ਪੋਲਾ॥
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਸੋਹਣੇ ਸਿਰਾਂ ਤੇ ਦੁਮਾਲੇ ਗੋਲ ਫੱਬਦੇ॥
ਕਾਲ ਦੰਦਾਂ ਥੱਲੇ ਫਿਰਦੇ ਨੇ ਚੱਬਦੇ॥
ਰੰਗ ਸਾਰਿਆਂ ਨੂੰ ਚੜੇ ਸੱਚੇ ਰੱਬਦੇ॥
ਅੱਡ ਗੁਰਾਂ ਅੱਗੇ ਪੱਲਾ॥
ਸਿੰਘ ਕੱਡਦੇ ਮੁਹੱਲਾ॥
ਮੁੱਖੋਂ ਬੋਲਦੇ ਵਾਹਿਗੁਰੂ ਦਾ ਬੋਲਾ॥
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਅਨੰਦਗੜ੍ਹ ਵਿੱਚ ਰੌਣਕਾਂ ਨੇ ਭਾਰੀਆਂ॥
ਸਿੰਘ ਝੂੰਮਦੇ ਤੇ ਚੜੀਆਂ ਖੁਮਾਰੀਆਂ॥
ਰੂਹਾਂ ਰੱਬ ਦੀਆਂ ਜੁੜੀਆਂ ਪਿਆਰੀਆਂ॥
ਅੱਜ ਤੁਠੇ ਨੇ ਦੁਤਾਰ॥
ਖੁਸ਼ ਅੱਲ੍ਹਾ ਨਿਰੰਕਾਰ॥
ਵੇਖੋ ਚਰਨਾਂ ਤੇ ਢੱਠਾ ਚੀਨਾਂ ਗੋਲਾ॥
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਚੋਟਾਂ ਪੈਂਦੀਆਂ ਨਗਾਰੇ ਵੇਖੋ ਗੂੰਜ਼ਦੇ॥
ਧੁਨ ਸੰਖ ਦੀ ਹੈ ਮਿੱਠੀ ਵਾਗੂੰ ਕੂੰਜ਼ਦੇ॥
ਪੌੜ ਹਾਥੀਆਂ ਦੇ ਧਰਤੀ ਨੂੰ ਹੂੰਜ਼ਦੇ॥
ਅੱਜ ਰੰਗ ਤੇ ਬਰੰਗ॥
ਰਲ ਮਾਈ ਭਾਈ ਸੰਗ॥
ਕਿੰਨਾਂ ਸੋਹਣਾ ਪਿਆ ਫੱਬਦਾ ਜੇ ਟੋਲਾ
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਖਾਲਸਾਈ ਪੂਰਾ ਜਾਹੋ ਤੇ ਜਲਾਲ ਹੈ॥
ਸਿੰਘਾਂ ਸੂਰਿਆਂ ਦੀ ਹਾਥੀਆਂ ਜਿਹੀ ਚਾਲ ਹੈ॥
ਨਾਮ ਬਾਣੀ ਵਿੱਚ ਭਿੱਜਾ ਵਾਲ ਵਾਲ ਹੈ॥
ਸਿੰਘ ਗੁਰੂ ਦੇ ਦੁਲਾਰੇ॥
ਪਏ ਛੱਡਦੇ ਜੈਕਾਰੇ॥
ਰੰਗ ਉੱਡਦੇ ਨੇ ਬਣ ਵਾਵਰੋਲਾ॥
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥
ਮੁੱਢ ਬੰਨ੍ਹਿਆਂ ਸੀ ਦਾਤੇ ਦਸ਼ਮੇਸ਼ ਨੇ॥
ਮਰਜ਼ੀਵੜੇ ਬਾਣਿਆ ਮਰਗੇਸ਼ ਨੇ॥
ਭਲਾ ਸਭਦਾ ਸਿਖਾਇਆ ਦਰਵੇਸ਼ ਨੇ॥
ਸਾਨੂੰ ਦਿੱਤੀ ਸੁੱਧ ਬੁੱਧ॥
ਕਿਵੇਂ ਕਰਨੇ ਆ ਯੁੱਧ॥
ਰੰਗ ਚਾੜਦੇ ‘ਸੱਤੇ’ ਨੂੰ ਸੱਚੇ ਢੋਲਾ॥
ਦੁਨੀਆਂ ਮਨਾਉਂਦੀ ਹੋਲੀਆਂ
ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ॥