ਉਹ ਸਿੰਘ ਖ਼ਾਲਸਾ, ਉਹ ਦਲੇਰਾ ਜੁਆਨਾ।
ਉਹ ਬਾਂਕੇ ਸਿਪਾਹੀਆ, ਉਹ ਸ਼ੇਰਾ ਜੁਆਨਾ॥
ਗਈ ਰਾਤ, ਹੋਇਆ ਸਵੇਰਾ ਜੁਆਨਾ।
ਵਕਤ ਹੈ ਅਜ਼ਮਾਇਸ਼ ਦਾ, ਤੇਰਾ ਜੁਆਨਾ॥
ਅਜੇ ਤੇਰੀ ਮੰਜ਼ਿਲ, ਬੜੀ ਦੂਰ ਦਿਸਦੀ।
ਹੈ ਫ਼ਿਕਰਾਂ ਗ਼ਮਾਂ ਨਾਲ, ਭਰਪੂਰ ਦਿਸਦੀ॥
ਕੀ ਹੋਇਆ ਜੇ ਸੂਲੀ, ਚੜ੍ਹਾਇਆ ਗਿਆ ਤੂੰ।
ਤੇ ਨਾਲ ਆਰਿਆਂ ਦੇ, ਚਿਰਾਇਆ ਗਿਆ ਤੂੰ॥
ਭਰੀ ਤੋਪ ਅੱਗੇ, ਬਿਠਾਇਆ ਗਿਆ ਤੂੰ।
ਨਿਸ਼ਾਨਾ ਕਈਆਂ ਦਾ, ਬਣਾਇਆ ਗਿਆ ਤੂੰ॥
ਨਾ ਮੁੱਕਣਾ ਹੈ ਤੂੰ, ਨਾ ਮੁੱਕਣੀ ਹੈ ਮੰਜ਼ਿਲ।
ਤੇਰੀ ਜ਼ਿੰਦਗਾਨੀ ਹੈ, ਦੁਨੀਆ ਦੀ ਹਲਚਲ॥
ਕੋਈ ਸਿਰ ਦੇ ਖੋਪਰ, ਜੇ ਆਇਆ ਲੁਹਾ ਕੇ।
ਕੋਈ ਆਪਣੀ ਗੈਰਤ, ਜੇ ਆਇਆ ਲੁਟਾ ਕੇ॥
ਜੇ ਜ਼ਾਲਮ ਤੋਂ ਆਇਆ, ਕੋਈ ਜ਼ਿੰਦ ਛੁਪਾ ਕੇ।
ਜੇ ਕਿਸੇ ਤੇ ਬਿਪਤਾ, ਬਣੀ ਸਿਰ ਤੇ ਆ ਕੇ॥
ਤੇ ਕੰਮ ਆ ਗਿਆ, ਉਨ੍ਹਾਂ ਲਈ ਮਾਸ ਤੇਰਾ।
ਅਨੋਖਾ ਹੈ ਦੁਨੀਆਂ ਤੇ, ਇਤਿਹਾਸ ਤੇਰਾ॥
ਨੀਹਾਂ ਹੇਠ ਚਿਣ ਜਾਣਾ, ਤੂੰ ਜਾਣਨਾ ਏਂ।
ਚਰਖੜੀ ਤੇ ਵੱਲ ਖਾਣਾ, ਤੂੰ ਜਾਣਨਾ ਏਂ॥
ਹਿਨਾ ਖ਼ੂਨ ਦੀ ਲਾਣਾ, ਤੂੰ ਜਾਣਨੈ ਏਂ।
ਸ਼ਹੀਦੀ ਨੂੰ ਪ੍ਰਨਾਣਾ, ਤੂੰ ਜਾਣਨਾ ਏਂ॥
ਜੇ ਤੀਰਾਂ ਦੇ ਅੱਗੇ ਤੂੰ, ਤਣ ਜਾਵਨਾ ਏਂ।
ਹਰੀ ਸਿੰਘ ਨਲਵਾ ਵੀ, ਬਣ ਜਾਵਨਾ ਏਂ॥
ਹੈ ਦਿਲ ਸਾਫ਼ ਤੇਰਾ, ਨਜ਼ਰ ਪਾਕ ਤੇਰੀ।
ਉਹ ਤਲਵਾਰ ਤਿੱਖੀ, ਖ਼ਤਰਨਾਕ ਤੇਰੀ॥
ਡਰਾਂਦੀ ਸੀ ਜਾਬਰ ਨੂੰ, ਜੋ ਖ਼ਾਕ ਤੇਰੀ।
ਪਰ ਅੱਜ ਉਹ ਕਿੱਥੇ, ਗਈ ਧਾਕ ਤੇਰੀ॥
ਦਿਮਾਗ਼ ਅੱਜ ਤੇਰਾ, ਕਿੱਧਰ ਭੌਂ ਗਿਆ ਏ।
ਨਾੜਾਂ ਤੇਰੀਆਂ ਦਾ ਲਹੂ, ਕਿਉਂ ਸੌਂ ਗਿਆ ਏ॥
ਨਾ ਕਰ ਨਾਜ਼, ਬੀਤੇ ਹੋਏ ਖ਼ਾਬ ਉੱਤੇ।
ਨਜ਼ਰ ਮਾਰ ਫਿਰ ਅੱਜ, ਨਵੇਂ ਬਾਬ ਉੱਤੇ॥
ਤੂੰ ਆਵੇਂਗਾ ਵੀਰਾ, ਕਦੋਂ ਤਾਬ ਉੱਤੇ।
ਹੈ ਗੈਰਾਂ ਦੀ ਅੱਖ, ਤੇਰੇ ਪੰਜਾਬ ਉੱਤੇ॥
ਤੂੰ ਕਦ ਤਕ ਬੇਹੋਸ਼ੀ, ‘ਚ ਸੁੱਤਾ ਰਹੇਂਗਾ।
ਤੂੰ ਵਾਰਾਂ ਦੇ ਵਾਰ ਨੂੰ, ਕਦ ਤਕ ਸਹੇਂਗਾ।
ਤੂੰ ਜੰਮਿਆ ਏਂ, ਤਲਵਾਰ ਦੀ ਧਾਰ ਉੱਤੇ ।
ਤੂੰ ਪਲਿਆ ਏਂ, ਔਕੜ ਦੇ ਹਰ ਖਾਰ ਉੱਤੇ।
ਤੂੰ ਭਖਿਆ ਏਂ, ਜ਼ੁਲਮਾਂ ਦੇ ਅੰਗਿਆਰ ਉੱਤੇ
ਤੇਰਾ ਜੀਵਨ ਉੱਚਾ, ਹੋਇਆ ਦਾਰ ਉੱਤੇ॥
ਤੂੰ ਮਾਰ ਇਕ ਹਲੂਣਾ, ਤੇ ਖੁਦ ਨੂੰ ਜਗਾ ਦੇ।
ਉਹੀ ਸ਼ਾਨ ਆਪਣੀ ਤੂੰ, ਮੁੜ ਕੇ ਵਿਖਾ ਦੇ
ਇਹ ਵਲਛਲ ਭਰੇ, ਕੁੰਡਲੀਏ ਵੇਖ ਕਾਲੇ।
ਜਿਹਨਾਂ ਖ਼ੂਨ ਤੇਰੇ ਦੇ, ਪੀਤੇ ਪਿਆਲੇ॥
ਨਾ ਸਮਝੇ ਅੱਜ ਤਕ, ਸ਼ੈਤਾਨਾਂ ਦੇ ਚਾਲੇ।
ਜੋ ਗ਼ੈਰਤ ਤੇਰੀ ਦੇ ਨੇ, ਕਰਦੇ ਨਵਾਲੇ॥
ਤੂੰ ਫਿਰ ਉਠ ਕੇ, ਸੰਭਾਲ ਕਿਰਪਾਨ ਬੀਬਾ।
ਏਸੇ ਲਈ ਬਣੀ ਏ, ਤੇਰੀ ਸ਼ਾਨ ਬੀਬਾ॥
ਤੇਰਾ ਦੇਸ਼ ਆਪਣਾ, ਤੇ ਪੰਜਾਬ ਤੇਰਾ।
ਤੇਰੇ ਨਾਲ ਧੋਖਾ, ਅਜੇ ਵੀ ਬਥੇਰਾ॥
ਤੂੰ ਉਠ ਆਪਣੀ, ਤਾਕਤ ਸੰਭਾਲ ਸ਼ੇਰਾ।
ਇਹ ਲਾਲੀ ਤੇਰੀ ਹੈ, ਜੋ ਚਮਕੇ ਸਵੇਰਾ॥
ਤੂੰ ਵਗਦੇ ਹੰਝੂਆਂ ਲਈ, ਮੁਸਕਾਨ ਬਣ ਜਾ।
ਤੂੰ ਝੂਲਦੇ ‘ਤੂਫਾਨਾਂ ਲਈ, ਚੱਟਾਨ ਬਣ ਜਾ॥