(ਪਾਸ਼ ਰਚਿਤ ‘ਹੱਥ ' ਤੇ ‘ਪੈਰ’ ਦੇ ਨਾਂ)
ਸਿਰ ਢੁੱਡ ਨਹੀਂ ਹੁੰਦੇ
ਸਿਰ ਤਾਂ ਸਿਰ ਹੁੰਦੇ ਹਨ
ਸਿਰ ਚਾਹੇ ਤਲੀ 'ਤੇ ਟਿਕਣ
ਤੇ ਚਾਹੇ ਸਿਰ ਭਾਰ ਚੱਲਣ
ਫਿਰ ਵੀ ਬੇਸਿਰੇ ਹੋਣ ਦੇ
ਕੋਈ ਅਰਥ ਨਹੀਂ ਹੁੰਦੇ
‘ਠੁੱਡ', ‘ਛੜ’ ਤੇ ‘ਘਸੁੰਨ'
ਸਿਰਾਂ ਸੰਗ ਹੋ ਸਕਦੇ ਹਨ
ਪਰ ਅਕਲ ਦੀ ਪੁੜੀ ਜੁੱਤੀ 'ਚ ਨਹੀਂ
ਸਿਰਾਂ `ਚ ਬੰਦ ਹੁੰਦੀ ਹੈ
ਜਦ ਕੁੱਝ ਸਿਰ
ਸਿਰ ਹੋਣ ਤੋਂ ਮੁਨਕਰ ਹੁੰਦੇ ਹਨ
ਤਾਂ ਸਿਰਾਂ 'ਤੇ ਸਿੰਗ ਉੱਗ ਆਉਂਦੇ ਹਨ
ਤੇ ਸਿੰਗਾਂ ਵਾਲੇ ਸਿਰ
ਬੇਸਿੰਗਿਆਂ ਦੀ ਪੰਜਾਲੀ 'ਚ
ਸੌਖੇ ਹੀ ਆ ਜਾਂਦੇ ਹਨ
ਦੂਸਰੇ ਬੰਨੇ ਜਦ ਇਕ ਤ੍ਰੀਮਤ
ਸਿਰ 'ਚੋਂ ਲੋਰੀ ਸਿਰਜਦੀ ਹੈ
ਤਾਂ ਭੁੱਖੇ ਵੀ ਸੌਂ ਜਾਂਦੇ ਹਨ
ਸਿਰਾਂ ਵਿਚ ਖੁਰਦਬੀਨ ਹੁੰਦੀ ਹੈ
ਜੋ ਰੋਗ ਦੇ ਰੋਗਾਣੂਆਂ ਨੂੰ ਵੇਖ ਸਕਦੀ ਹੈ
ਸਿਰਾਂ ਵਿੱਚ ਦੂਰਬੀਨ ਹੁੰਦੀ ਹੈ
ਜੋ ਵੱਖ ਵੱਖ ਗ੍ਰਹਿਆਂ ਦੀ
ਦੂਰੀ ਮਿਣ ਸਕਦੀ ਹੈ
ਤੇ ਵੇਖ ਸਕਦੀ ਹੈ
ਕਿਹੜੇ ਗ੍ਰਹਿ ਇਸ ਕੈਂਪ 'ਚ ਆਉਂਦੇ ਨੇ
ਜਰਮਨ ਤੇ ਰੂਸ ਵਿਚ
ਸਿਰ ਉਪਜੇ ਸਨ
ਚੀਨ ਦਿਆਂ ਖੇਤਾਂ 'ਚ
ਸਿਰ ਹੀ ਉਗਮੇ ਹਨ
ਪਰ ਇਥੇ ਤਾਂ ਹੁਣ ਤੱਕ
ਢੁੱਡਾਂ ਹੀ ਉਪਜੀਆਂ ਹਨ
ਆਪਣੀ ਹੀ ਪੰਜਾਲੀ ਦੀ
ਦੂਜੀ ਢੁੱਡ ਸੰਗ ਭਿੜੀਆਂ ਹਨ
ਜਾਂ ਤਾਂ ਫੁੱਟ ਗਈਆਂ ਹਨ
ਜਾਂ ਫਿਰ ਸਿਰ ਸੁੱਟ ਕੇ ਚੱਲ ਪਈਆਂ ਹਨ
ਸਿਰ ਚਾਹੇ ਸੂਲੀ ਤੱਕ ਸਫ਼ਰ ਕਰਨ
ਪਰ ਇਹ ਕੋਈ ਮੰਜ਼ਲ ਨਹੀਂ ਹੁੰਦੀ
ਸਿਰਾਂ ਨੂੰ ਫੁੱਟ ਜਾਣ ਦਾ
ਕੋਈ ‘ਠਰਕ’ ਨਹੀਂ ਹੁੰਦਾ
ਜੰਗਾਲ ਤਲਵਾਰ ਨੂੰ ਨਹੀਂ
ਸਿਰਾਂ ਨੂੰ ਲੱਗਿਆ ਹੈ
ਸਿਰ ਨਾ ਤਾਂ
ਝੁਕ ਜਾਣ ਲਈ ਹੁੰਦੇ ਨੇ
ਸਿਰ ਨਾ ਹੀ
ਫੁੱਟ ਜਾਣ ਲਈ ਹੁੰਦੇ ਨੇ
ਸਿਰ ਤਾਂ ਸਿਰ ਹੁੰਦੇ ਨੇ
ਸਿਰਾਂ ਵਿੱਚ ਖੁਰਦਬੀਨ ਹੁੰਦੀ ਹੈ
ਸਿਰਾਂ ਵਿੱਚ ਦੂਰਬੀਨ ਹੁੰਦੀ ਹੈ