ਸਿਰ ਦਿਤਾ ਵਿਚ ਉਖਲੀ ਦੇ ਫਿਰ ਮੂਹਲੇ ਤੋਂ ਕੀ ਡਰਨਾ

ਫੁਲ ਵਰਗੀ ਜੇ ਜ਼ਿੰਦੜੀ ਚਾਹਵੇਂ ਪੈਰ ਕੰਢੇ ਤੇ ਧਰ ਨਾ

ਆਸ਼ਿਕ ਏਂ ਤਾਂ ਪ੍ਰੀਤਮ ਦੇ ਦਰ ਬਹਿ ਜਾ ਮਾਰ ਕੇ ਧਰਨਾ

ਜੇ ਮੋਤੀ ਦੀ ਲੋੜ ਨਹੀਂਓਂ ਟੁਭੀ ਮਾਰ ਕੇ ਮਰ ਨਾ

ਛਾਤੀ ਕਢ ਕੇ ਪਿੜ ਵਿਚ ਜਾ ਜੇ ਤੂੰ ਲੋੜੇਂ ਮਰਨਾ

ਪਹਿਲੋਂ ਖ਼ੌਫ਼ ਡੁਬਨ ਦਾ ਕਰ ਲੈ ਜੇ ਤੂੰ ਲੋੜੇਂ ਤਰਨਾ

ਜੇ ਡੁਬਨੇ ਦਾ ਖਤਰਾ ਸਮਝੀਂ ਦਰਿਆ ਦੇ ਵਿਚ ਤਰ ਨਾ

ਚੋਰ ਡਾਕੂ ਦਾ ਫ਼ਿਕਰ ਉਹਨੂੰ ਕੀ ਕੋਲ ਜਿਦ੍ਹੇ ਕੋਈ ਜ਼ਰ ਨਾ

ਜੇ ਜ਼ਰ ਹੈ ਤਾਂ ਜ਼ਰ ਦੇ ਕਾਰਨ ਦੁਖੜਾ ਪੈਸੀ ਜਰਨਾ

ਵਿਚ ਅਕਾਸ਼ਾਂ ਉਡਨਾ ਚਾਹਵੇਂ ਤੂਫ਼ਾਨਾਂ ਤੋਂ ਡਰ ਨਾ

ਸਿਰ ਦਿਤਾ ਵਿਚ ਉਖਲੀ ਦੇ ਫਿਰ ਮੂਹਲੇ ਤੋਂ ਕੀ ਡਰਨਾ

📝 ਸੋਧ ਲਈ ਭੇਜੋ