ਸਿਰ ਤੇ ਭਾਵੇਂ ਧੁੱਪ ਦੀ ਖਾਰੀ, ਫਿਰ ਵੀ ਜੁੱਸਾ ਠਰਿਆ-ਠਰਿਆ ।
ਬੁੱਲਾਂ ਉੱਤੇ ਹਾਸੇ ਨੇ ਪਰ, ਅੰਦਰੋਂ ਬੰਦਾ ਡਰਿਆ-ਡਰਿਆ ।
ਦੱਗ਼-ਦੱਗ਼ ਕਰਦੇ ਮੁੱਖੜੇ ਦੇਖਾਂ, ਰਚਨਾ ਵੀ ਨਾ ਸਾਂਭੀ ਜਾਵੇ,
ਹਰ ਕੋਈ ਆਪਣੇ ਫਿਕਰੀਂ ਡੁੱਬਾ, ਭਾਵੇਂ ਮੇਲਾ ਭਰਿਆ-ਭਰਿਆ ।
ਚੰਨ ਦੀਆਂ ਕਿਰਨਾਂ ਉਸ ਜੁੱਸੇ ਤੇ, ਕੀ ਪਈਆਂ ਸਨ ਫੁੱਲ ਖਿੜੇ ਸਨ,
ਜੀਵੇਂ ਰਸਤਾ ਜਿੱਧਰ ਦੇਖਾਂ, ਮਹਿਕਾਂ ਦੇ ਨਾਲ ਭਰਿਆ-ਭਰਿਆ ।
ਉਹਦੀਆਂ ਨਫ਼ਰਤ-ਨਜ਼ਰਾਂ ਅੰਦਰ, ਸੂਰਜ ਵਰਗਾ ਸੇਕਾ ਤੱਕ ਕੇ,
ਮੈਂ ਤੇ ਕੀ ਪਰਛਾਵਾਂ ਵੀ ਸੀ, ਬਰਫ਼ਾਂ ਵਾਂਗੂੰ ਖਰਿਆ-ਖਰਿਆ ।
ਜੰਗਲ, ਬੇਲਾ, ਅੰਬਰ, ਧਰਤੀ, ਮੈਂ ਹਰਫ਼ਾਂ ਵਿਚ ਕੀਲ਼ੇ 'ਅਕਰਮ',
ਸੋਚ-ਸਮੁੰਦਰ ਵੀ ਹੁਣ ਜਾਪੇ, ਪਲਕਾਂ ਉੱਤੇ ਧਰਿਆ-ਧਰਿਆ ।