ਸਿਰ 'ਤੇ ਨਹੀਂ ਹੈ ਛੱਤ ਨਾ ਤਨ ’ਤੇ ਲਿਬਾਸ ਹੈ।
ਨੇੜੇ ਤੋਂ ਵੇਖੀ ਜ਼ਿੰਦਗੀ ਕਿੰਨੀ ਉਦਾਸ ਹੈ।
ਬਾਕੀ ਵੀ ਲੰਘ ਜਾਏਗੀ ਪੁਲ ਹੇਠ ਰੇਲ ਦੇ,
ਗੇੜਾਂਗੇ ਜਿੰਨਾ ਚਿਰ ਗਿੜੂ ਜੀਵਨ ਖਰਾਸ ਹੈ।
ਗਿਣਤੀ ਦੇ ਲੋਕ ਹਨ ਕਿ ਜੋ ਜਸ਼ਨ ਰਹੇ ਮਨਾ,
ਸਾਡੇ ਲਈ ਇਹ ਸਾਲ ਵੀ, ਨਾ ਆਮ, ਖਾਸ ਹੈ।
ਉੱਤਰ ਨੂੰ ਹੋ ਤੁਰੇ, ਕਈ ਦੱਖਣ ਨੂੰ ਵਹਿ ਗਏ,
ਪੂਰਬ ਨੂੰ ਜਿਹੜਾ ਜਾਏਗਾ ਦਰਿਆ ਉਹ ਖਾਸ ਹੈ।
ਇਸ ਜ਼ਿੰਦਗੀ ਦੇ ਨ੍ਹੇਰ ਨੂੰ ਕਰੀਏ ਕਿਵੇਂ ਤਬਾਹ,
ਨਾ ਚੰਦ ਕੋਈ ਕੋਲ਼, ਨਾ ਸੂਰਜ ਹੀ ਪਾਸ ਹੈ।
ਕਿੰਨੇ ਜ਼ਹੀਨ ਲੋਕ ਕਿਸ ਏਡਜ਼ ਨੇ ਖਾ ਲਏ,
ਏਦਾਂ ਵਧੀ ਹੈ ਤਲਬ ਧਨ ਦੀ ਸੱਤਿਆਨਾਸ ਹੈ।
ਦਹਿ ਦਿਸ ਨੂੰ ਧਾਅ ਰਿਹਾ, ਇਹ ਮਨ ਟਿਕਦਾ ਨਹੀਂ ਕਿਤੇ,
ਜਿਸ ਨੂੰ ਹੈ ਢੂੰਡਦਾ ਸਦਾ, ਉਹ ਇਸ ਦੇ ਪਾਸ ਹੈ।