ਸਰ੍ਹਾਣਾ 

ਸੱਚਾ ਦੋਸਤ ਹੁੰਦਾ ਹੈ  

ਪਤਾ ਨਹੀਂ ਕਿੰਨੇ ਹੰਝੂ  

ਸਾਂਭ ਲੈਂਦਾ ਆਪਣੇ ਦਾਮਨ ਵਿੱਚ  

ਪਤਾ ਨਹੀਂ ਕਿੰਨੇ ਹਓੁਕੇ

ਘੁੱਟੇ ਹੁੰਦੇ ਇਸ ਅੰਦਰ  

ਇਹ ਗਵਾਹ ਹੈ  

ਜਾਗ ਕੇ ਬਿਤਾਈਆਂ ਰਾਤਾਂ ਦਾ  

ਅਨੇਕਾਂ ਅਣਸੁਲਝੀਆਂ ਸਮੱਸਿਆਵਾਂ  

ਦਾ ਸਾਂਝੀ  

ਹਜ਼ਾਰਾਂ ਖਵਾਹਿਸ਼ਾਂ ਦਾ ਗਵਾਹ  

ਜੋ ਕਦੇ ਪੂਰੀਆਂ ਨਹੀਂ ਹੁੰਦੀਆਂ   

ਵਰ੍ਹਿਆਂ ਤੋਂ ਵੀ ਲੰਬੀਆਂ ਉਦਾਸ ਰਾਤਾਂ ਨੂੰ  

 ਸੁਣਦਾ ਹਰ ਸੁਖ ਦੁਖ 

ਰਾਜ਼ ਨੂੰ ਰਾਜ਼ ਰੱਖਦਾ  

ਕਿਸੇ ਨੂੰ ਕਦੀ ਕੋਈ ਗੱਲ ਨਾ ਦੱਸਦਾ  

ਨਾਲ ਸੁੱਤੇ ਹਮਸਫ਼ਰ ਤੋਂ  

ਵੱਧ ਨੇੜੇ  

ਮਹਿਸੂਸ ਕਰਦਾ 

ਨਮ ਅੱਖਾਂ ਨੂੰ  

ਸੋਖ ਲੈਂਦਾ ਸਾਰੀ ਸਿੱਲ 

ਉਸਲਵੱਟੇ ਲੈਂਦਿਆਂ ਤੇ  

ਕਦੀ ਉਲ੍ਹਾਮਾ ਨਾ ਦਿੰਦਾ

ਨਾ ਬੋਲਦਾ ਕੋਈ ਕੁਰੱਖ਼ਤ ਸ਼ਬਦ 

ਮਾਂ ਵਰਗਾ ਨਿੱਘ ਦਿੰਦਾ  

ਚਿਹਰੇ ਨੂੰ ਪਲੋਸਦਾ  

ਮਾਂ ਦੇ ਹੱਥ ਵਾਂਗ  

ਕਦੀ ਕਦੀ ਘੁੱਟ ਕਾਲਜੇ ਨਾਲ  ਲੱਗ ਜਾਂਦਾ  

ਇਕੱਲੇਪਣ ਦੀ ਵਲਗਣ ਚੋਂ ਕੱਢ  

ਨਿੱਘ ਦਿੰਦਾ  

ਸਾਥੀ ਤੇ ਹਮਰਾਜ਼  

ਸਰ੍ਹਾਣਾ

📝 ਸੋਧ ਲਈ ਭੇਜੋ