ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,

ਬੋਹਲ੍ਹਾਂ ਵਿਚੋਂ ਨੀਰ ਵਗਿਆ ।

ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,

ਤੂੜੀ ਵਿਚੋਂ ਪੁੱਤ 'ਜੱਗਿਆ' ।

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ,

ਮੇਰੀਏ ਜੁਆਨ ਕਣਕੇ ।

ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,

ਤੂੰ ਸੋਨੇ ਦਾ ਪਟੋਲਾ ਬਣ ਕੇ ।

ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ,

ਓ ! ਮੇਰੇ ਬੇਜ਼ੁਬਾਨ ਢੱਗਿਆ ।

ਗਲ ਲੱਗ ਕੇ ਸੀਰੀ ਦੇ...

ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ,

ਤੇ ਖ਼ਾਦ ਖਾ ਗਈ ਹੱਡ ਖਾਰ ਕੇ ।

ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,

ਬੋਹਲ ਨੂੰ ਖੰਗੂਰਾ ਮਾਰ ਕੇ ।

ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,

ਕਿ ਸੱਧਰਾਂ ਨੂੰ ਲਾਂਬੂ ਲੱਗਿਆ ।

ਗਲ ਲੱਗ ਕੇ ਸੀਰੀ ਦੇ...

ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,

ਮੈਂ ਤੇਰੀਆਂ ਜੁਆਨ ਸੱਧਰਾਂ ।

ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,

ਹੈ ਸਾਡੀਆਂ ਸਮਾਜੀ ਕਦਰਾਂ ।

ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,

ਕਿਉਂ ਚੰਨ ਨੂੰ ਸਰਾਪ ਲੱਗਿਆ ?

ਗਲ ਲੱਗ ਕੇ ਸੀਰੀ ਦੇ...

ਸੁੱਕੇ ਜਾਣ ਨਾ ਬੋਹਲ੍ਹਾਂ ਦਾ ਮਾਰ ਮਗਰਾ,

ਜੋ ਮਾਰਦੇ ਨੇ ਜਾਂਦੇ ਚਾਂਗਰਾਂ ।

ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ,

ਹੈ ਖੇਤਾਂ 'ਚ ਬਰੂਦ ਵਾਂਗਰਾਂ ।

ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾਂ,

ਜੋ ਮਿਹਨਤਾਂ ਨੂੰ ਮਾਖੋਂ ਲੱਗਿਆ ।

ਗਲ ਲੱਗ ਕੇ ਸੀਰੀ ਦੇ...

📝 ਸੋਧ ਲਈ ਭੇਜੋ