ਔਰਤ ਤੈਨੂੰ ਦੁਨੀਆਂ ਕਹਿੰਦੀ,
ਪਰ ਤੂੰ ਤਾਂ ਹੈ ਸਿਰਜਨਹਾਰੀ।
ਬੜੀ ਪਿਆਰੀ ਰੱਬ ਦੀ ਮੂਰਤ,
ਜਾਵਾਂ ਤੇਰੇ ਤੋਂ ਬਲਿਹਾਰੀ।
ਆਪਣੇ ਹੱਕਾਂ ਦੇ ਲਈ ਲੜਦੀ,
ਬਣ ਕੇ ਤੂੰ ਤਾਂ ਅੱਗ ਅੰਗਿਆਰੀ।
ਮੋਹ ਪਿਆਰ ਸਭ ਤੇਰੇ ਅੰਦਰ,
ਕੁਦਰਤ ਦੀ ਤੂੰ ਚਿੱਤਰਕਾਰੀ।
ਕੁੱਖ ਵਿੱਚ ਤੇਰਾ ਕਤਲ ਕਰਾਵੇ,
ਦੁਨੀਆਂ ਨੂੰ ਕੀ ਲੱਗੀ ਬੀਮਾਰੀ।
ਤੂੰ ਤਾਂ ਘਰ ਦਾ ਬਾਗ ਸਜਾਵੇ,
ਜਿਵੇਂ ਫੁੱਲਾਂ ਦੀ ਕੋਈ ਕਿਆਰੀ।
ਤੇਰਾ ਮੁੱਲ ਪਾਵੇ ਇਹ ਦੁਨੀਆਂ,
ਇਹ ਤਾਂ ਹੋ ਗਈ ਹੈ ਅੰਧਿਆਰੀ।
ਤੇਰੀ ਹੋਂਦ ਦੇ ਕਰਕੇ ਹੀ ਤਾਂ,
ਕੰਨੀ ਪੈਂਦੀ ਹੈ ਕਿਲਕਾਰੀ।
ਪੁੱਤਰ ਮਿੱਠੜੇ ਮੇਵੇ ਹੁੰਦੇ,
ਪਰ ਧੀ ਮਾਪਿਆਂ ਦੀ ਚੰਗਿਆਰੀ।
ਅੱਕੇ ਥੱਕੇ ਕਦੇ ਨਾ ਬੈਠੇ,
ਰੱਬ ਬਖਸ਼ੀ ਕੈਸੀ ਹੁਸ਼ਿਆਰੀ।
ਵੱਡ ਅਕਾਰੀ ਰੁਤਬਾ ਤੇਰਾ,
ਦੁਨੀਆਂ ਦੇ ਵਿੱਚ ਹੈ ਸ਼ਾਹਕਾਰੀ।
ਬੱਚੇ ਦੀ ਤੂੰ ਸੀਰਤ ਘੜਦੀ,
ਵਿੱਚ ਭਰਕੇ ਉਸ ਦੁਨੀਆਂਦਾਰੀ।
ਹਰ ਰਿਸ਼ਤੇ ਵਿੱਚ ਤੂੰ ਰੰਗ ਭਰਦੀ,
ਜਿਵੇਂ ਹੋਵੇ ਕੋਈ ਤੂੰ ਲਲਾਰੀ।
ਮਹਿਕਾਂ ਵੰਡੇ ਭਰ-ਭਰ ਮੁੱਠੀਆਂ,
ਜਿਵੇਂ ਹੋਵੇ ਕੋਈ ਪਰਉਪਕਾਰੀ।
ਤੇਰੇ ਚਰਨਾਂ ਵਿੱਚ ਰੱਬ ਵਸਦਾ,
ਪੂਜੇ ਤੈਨੂੰ ਦੁਨੀਆਂ ਸਾਰੀ।
ਔਰਤ ਤੈਨੂੰ ਦੁਨੀਆਂ ਕਹਿੰਦੀ,
ਪਰ ਤੂੰ ਤਾਂ ਹੈ ਸਿਰਜਨਹਾਰੀ।
ਬੜੀ ਪਿਆਰੀ ਰੱਬ ਦੀ ਮੂਰਤ,
'ਸੁੱਖਾ' ਜਾਵੇ ਤੈਥੋਂ ਬਲਿਹਾਰੀ।