ਸਿਤਮ ਵੀ ਵਧੀਆ ਤਿਰਾ

ਸਿਤਮ ਵੀ ਵਧੀਆ ਤਿਰਾ ਹਰ ਪਲ ਤੋਂ ਬਾਅਦ 

ਹੌਸਲਾ ਵਧਿਆ ਮਿਰਾ ਹਰ ਗੱਲ ਤੋਂ ਬਾਅਦ

ਉਹ ਮਿਲੇ ਕਿ ਜੋ ਮਿਲੇ ਮੰਝਧਾਰ ਵਿਚ 

ਕੀ ਮਿਲੇ ਕਿ ਜੋ ਮਿਲੇ ਸਾਹਿਲ ਤੋਂ ਬਾਅਦ

ਇਸ਼ਕ ਵੀ ਇਕ ਗੱਲ ਹੈ ਮੰਜ਼ਿਲ ਲਈ 

ਇਸ਼ਕ ਦੀ ਪਰ ਗੱਲ ਹੈ ਮੰਜ਼ਿਲ ਤੋਂ ਬਾਅਦ

ਗ਼ਮ ਨਹੀਂ ਜੇ ਮੀਂਹ ਪਵੇ ਨਾ ਔੜ ਵਿਚ 

ਗ਼ਮ ਹੈ ਜੇਕਰ ਨਾ ਪਵੇ ਬੱਦਲ ਤੋਂ ਬਾਅਦ

ਬਸ ਅਖ਼ੀਰੀ ਕਤਲ ਹੁਣ ਕਾਤਿਲ ਦਾ ਹੈ 

ਕਤਲਗਾਹਾਂ ਬੰਦ ਹਨ ਕਾਤਿਲ ਤੋਂ ਬਾਅਦ

ਮਿਲ ਪਏ ਹਰ ਮੋੜ 'ਤੇ ਇਕ ਅੱਧ ਖ਼ੁਦਾ 

ਆਦਮੀ ਮਿਲਦਾ ਬੜੀ ਮੁਸ਼ਕਲ ਤੋਂ ਬਾਅਦ

ਦਿਲ ਤਾਂ ਕੋਮਲ ਲੈ ਲਿਆ ਹੈ ਦਾਨ ਵਿਚ 

ਕੀ ਦਿਆਂ ਮੈਂ ਦੱਛਣਾਂ ਹੁਣ ਦਿਲ ਤੋਂ ਬਾਅਦ

📝 ਸੋਧ ਲਈ ਭੇਜੋ