ਸਿਤਾਰੇ ਬਣ ਕੇ ਚਮਕਾਂਗੇ

ਸਿਤਾਰੇ ਬਣ ਕੇ ਚਮਕਾਂਗੇ, ਘਟਾਵਾਂ ਬਣ ਕੇ ਛਾਵਾਂਗੇ,

ਅਸੀਂ ਆਕਾਸ਼ ਤੇਰੇ 'ਤੇ, ਕਈ ਰੰਗਾਂ 'ਚ ਆਵਾਂਗੇ।

ਸਰੀਰਕ ਸ਼ਾਂਤੀ ਖਾਤਰ, ਅਸੀਂ ਪੱਛਮ 'ਚ ਆਏ ਹਾਂ,

ਤੇ ਮੁੜ ਕੇ ਆਤਮਕ ਤ੍ਰਿਪਤੀ ਲਈ, ਪੂਰਬ 'ਚ ਜਾਵਾਂਗੇ।

ਇਹ ਚਾਦਰ ਪਾਰਦਰਸੀ ਹੈ, ਤੇ ਮੈਲੀ ਗੰਢੜੀ ਸਾਡੀ,

ਸ਼ਰੀਕਾਂ ਦੇ ਮੁਹੱਲੇ ਵਿਚ, ਇਹਨੂੰ ਕਿੱਥੇ ਲੁਕਾਵਾਂਗੇ।

ਕਰੀਬੀ ਸਾਕ ਨੇ ਸਾਡੇ, ਇਹ ਕੰਡੇ, ਜ਼ਹਿਰ ਤੇ ਸੂਲੀ,

ਜੇ ਕਿਧਰੇ ਬਣੀ, ਤਾਂ ਬੇਧੜਕ ਰਿਸ਼ਤਾ ਨਿਭਾਵਾਂਗੇ।

ਸਨਾਤਨ ਰੂਪ ਚੇਤਨ ਦਾ, ਸਦੀਵੀ ਨੂਰ ਦੇ ਵੰਸ਼ਜ,

ਅਸੀਂ ਜਿਥੇ ਵੀ ਹੋਵਾਂਗੇ, ਹਮੇਸ਼ਾ ਜਗਮਗਾਵਾਂਗੇ।

📝 ਸੋਧ ਲਈ ਭੇਜੋ