ਮੈਂ ਮੁਸ਼ਕੇ ਕਿਰਦਾਰਾਂ ਨੂੰ
ਫ਼ਰੋਲ-ਫ਼ਰੋਲ ਕੇ ਲੰਘਦੀ ਹਾਂ
ਸ਼ਾਇਦ ਲੱਭ ਹੀ ਜਾਵੇ
ਕੋਈ ਮਨੁੱਖਤਾ ਦਾ ਜਿੰਦਾ ਭਰੂਣ
ਅੱਜ-ਕੱਲ੍ਹ
ਹਰ ਕੋਈ ਨਫ਼ਰਤ ਖਾਂਦਾ ਹੈ
ਗੁੱਸਾ ਪੀਂਦਾ ਹੈ
ਧੋਖੇ
ਬੇਈਮਾਨੀ
ਝੂਠ ਤੇ ਚਾਪਲੂਸੀ
ਦੇ ਫਾਸਟ-ਫੂਡ ਦਾ ਆਦੀ ਹੋ ਗਿਆ ਬੰਦਾ
ਇਸੇ ਲਈ ਹੋ ਰਿਹਾ ਗਰਭਪਾਤ
ਡਿੱਗ ਰਹੀ ਇਨਸਾਨੀਅਤ
ਕਦੇ ਚੌਥੇ ਮਹੀਨੇ
ਤੇ ਕਦੇ ਪੰਜਵੇਂ !
ਕਿਤੇ ਨਾ ਕਿਤੇ
ਤਾਂ ਸਾਹ ਲੈਂਦਾ ਮਿਲ ਹੀ ਜਾਵੇਗਾ
ਕੋਈ ਜੀਵ
ਕਿਤੇ ਤਾਂ ਮਘਦੀ ਹੋਵੇਗੀ
ਜੀਵਨ ਦੀ ਮਸ਼ਾਲ
ਲੱਭ ਹੀ ਜਾਵੇਗਾ
ਮਨੁੱਖ ਦੇ ਲਹੂ 'ਚ ਭਿੱਜਾ
ਨਿੱਕੇ-ਨਿੱਕੇ ਸਾਹ ਲੈਂਦਾ
ਕੋਈ ਕੂਲਾ ਜਿਹਾ ਭਰੂਣ
ਇਹ ਦੁਨੀਆਂ ਦਾ ਸਲੱਮ ਏਰੀਆ
ਮੈਂ ਗੰਦਗੀ ਦੇ ਢੇਰ ਫ਼ਰੋਲਦੀ ਕੋਈ ਮੰਗਤੀ