ਸਮਾਂ 

ਗੱਲ ਵੀ ਨਹੀਂ ਕਰੇਗਾ

ਕਿ ਹਿੱਕ ਦੀਆਂ ਪਰਤਾਂ ਵਿਚ ਕਿੰਨੇ ਚਾਅ ਸਨ 

ਜਦੋਂ ਮੁਹੱਬਤ ਘੜਾ ਢਾਕੇ ਚਾ ਦੌੜੀ

ਤੇ ਕਿੰਨੀਆਂ ਰੀਝਾਂ ਨਾਲ ਡੁੱਬੀਆਂ

ਐਲਾਨ ਆਵੇਗਾ ਕਿ ਘਰਾਂ ਚੋਂ ਬਾਹਰ ਨਾ ਪੈਰ ਪਾਇਓ

ਕਿਸੇ ਨੇ ਗੱਲ ਨਹੀਂ ਛੇੜਨੀ

ਕਿ ਮਾਰੂਥਲ ਵਿੱਚ ਕਿਹੜਾ ਹੁਸਨ ਵਾਜ਼ਾਂ ਮਾਰਦਾ ਰਿਹਾ ਇਸ਼ਕ ਨੂੰ 

ਗੱਲਾਂ ਚੱਲਣਗੀਆਂ 

ਬਿਟਕੋਆਇਨ ਦੇ ਸਿੱਕਿਆਂ ਦੀ

ਲੋਨ ਐਤਕੀਂ ਕਿਹੜੇ ਮੁਆਫ਼ ਕਰਵਾਉਣੇ ਨੇ 

ਕਿਸੇ ਨੂੰ ਕੋਈ ਦਿਲਚਸਪੀ ਨਹੀਂ ਹੈ

ਖਜ਼ੂਰ ਦੇ ਰੁੱਖ ਨੂੰ ਕਦ ਫ਼ਲ ਪਿਆ

ਕਦ ਹਵਾ ਨਾਲ ਨੱਚੇ ਪੱਤੇ ਲਿਫ਼ ਲਿਫ਼ ਕੇ 

ਖ਼ਬਰ ਛਪੇਗੀ 

ਕਿ ਆਉਣ ਵਾਲੀ ਸੂਬਾ ਚੋਣ ਕਿੰਝ ਜਿੱਤੀ ਜਾਵੇ 

ਕੋਈ ਚੋਣ ਦਫ਼ਤਰ ਕੁਰਸੀ

ਗੱਲ ਨਹੀਂ ਕਰੇਗੀ

ਕਿ ਮਜ਼ਦੂਰ ਦੇ ਘਰ ਕੱਲ ਰੋਟੀ ਕਿਉਂ ਨਹੀਂ ਪੱਕੀ

ਬੱਚਿਆਂ ਨੇ ਭੁੱਖ ਨਾਲ ਜੂਝਦਿਆਂ ਕਿੰਝ

ਰਾਤ ਲੰਘਾਈ 

ਸੜਕ ਤੇ ਭਿੱਖ ਮੰਗਦੇ ਬੱਚੇ ਨੂੰ 

ਕੌਣ ਦਰੜ ਕੇ ਲੰਘ ਗਿਆ

ਬੁਰੇ ਮਹੌਲ 

ਡੁਸਕਦੀਆਂ ਪੌਣਾਂ ਬਾਰੇ ਕੋਈ ਨਹੀਂ ਗੱਲ ਕਰੇਗਾ

ਕੋਈ ‌ਨਹੀ ਸੁਣੇਗਾ

ਮਾਰੇ ਗਏ ਪੁੱਤ ਦੀ ਮਾਂ ਦੀ ਹੰਝੂਆਂ ਭਰੀ ਕਹਾਣੀ 

ਕੋਸ਼ਿਸ਼ ਜ਼ਾਰੀ ਹੈ 

ਕਿਹਾ ਜਾਏਗਾ ਪੰਨਿਆਂ ਤੇ

ਤੁਸੀਂ ਝੂਲਦੇ ਝੰਡਿਆਂ ਦੇ 

ਰੰਗ ਵਾਰ ਵਾਰ ਗਿਣ ਕੇ ਦੱਸੋ

📝 ਸੋਧ ਲਈ ਭੇਜੋ