ਸੋਚ ਦੀ ਮੱਕੜੀ ਨੇ ਤਾਣੇ

ਸੋਚ ਦੀ ਮੱਕੜੀ ਨੇ ਤਾਣੇ ਨੇ ਜਾਲੇ ਆਲ ਦੁਆਲੇ ।

ਯਾ ਖ਼ਾਬਾਂ ਦੇ ਹਾਲੇ ਦੇਣ ਦਿਖਾਲੇ ਆਲ ਦੁਆਲੇ ।

ਮੈਂ ਆਂ ਆਸ ਜਜ਼ੀਰੇ ਅੰਦਰ ਘਿਰਿਆ ਇਕ ਮੁਸਾਫ਼ਿਰ,

ਜਿਸ ਨੂੰ ਨਜ਼ਰੀਂ ਆਵਣ ਪਾਣੀ ਕਾਲੇ ਆਲ ਦੁਆਲੇ ।

ਵਿਖਰੀਆਂ ਰਾਹਵਾਂ ਮੈਨੂੰ ਕਿਹੜੇ ਵੇਲੇ ਵਿਚ ਲੈ ਆਈਆਂ,

ਥਾਂ-ਥਾਂ ਨੇ ਖੋਭੇ ਮਜਬੂਰੀ ਵਾਲੇ ਆਲ ਦੁਆਲੇ ।

ਇਨ੍ਹਾਂ ਵਿਚ ਡਿੱਗਣ ਤੋਂ ਆ ਕੇ ਮੈਨੂੰ ਕੌਣ ਬਚਾਵੇ,

ਮੈਂ ਕੱਢੇ ਨੇ ਜਿਹੜੇ ਖਾਈਆਂ, ਖਾਲੇ ਆਲ-ਦੁਆਲੇ ।

ਕੀ ਹੋਇਆ ਜੇ ਇਕ ਗਰਦਾਬੂ ਨਿਕਲੀ ਮੇਰੀ ਬੇੜੀ,

ਅਜੇ ਵੀ ਖ਼ੂਨੀ ਲਹਿਰਾਂ ਲੈਣ ਉਛਾਲੇ ਆਲ-ਦੁਆਲੇ ।

📝 ਸੋਧ ਲਈ ਭੇਜੋ