ਸੋਚ ਲੈਂਦੇ ਜੇ ਫ਼ਸਲਾਂ ਮਿੱਧ ਕੇ

ਸੋਚ ਲੈਂਦੇ ਜੇ ਫ਼ਸਲਾਂ ਮਿੱਧ ਕੇ ਭੁੱਖ ਵਧਾਉਣ ਤੋਂ ਪਹਿਲਾਂ ।

ਕੱਲਰ ਖਾਧੀਆਂ ਥਾਵਾਂ ਲੱਭਦੇ ਸ਼ਹਿਰ ਵਸਾਉਣ ਤੋਂ ਪਹਿਲਾਂ ।

ਰਾਤ ਵੀ ਚੰਨ ਨੇ ਸਾਰਾ ਪੈਂਡਾ ਅੱਖਾਂ ਦੇ ਵਿਚ ਕੀਤਾ,

ਦੇਖ ਲੈ ਅੱਜ ਵੀ ਸੂਰਜ ਆਇਆ ਤੇਰੇ ਆਣ ਤੋਂ ਪਹਿਲਾਂ ।

ਨੰਗੇ ਸਿਰ ਹੁਣ ਠੰਢਾ ਪੋਹ ਤੇ ਤਪਦਾ ਹਾੜ੍ਹ ਹੰਢਾਵੀਂ,

ਪੱਕੇ ਦੇਖ ਕੇ ਸੋਚਿਆ ਵੀ ਨਾ ਕੱਚੇ ਢਾਣ ਤੋਂ ਪਹਿਲਾਂ ।

ਹੁਣ ਭਾਵੇਂ ਸਿਰ ਲੱਥਣ ਬੀਬਾ ਪੈਰ ਪਿਛਾਂਹ ਨਹੀਂ ਧਰਨਾ,

ਕਰ ਲਈਆਂ ਨੇ ਸੋਚ ਵਿਚਾਰਾਂ ਕਸਮਾਂ ਖਾਣ ਤੋਂ ਪਹਿਲਾਂ ।

ਉਹਦੇ ਚਾਅ ਨਾ ਵਹਿਣੀ ਰੁੜ੍ਹਦੇ ਸੁਫ਼ਨੇ ਵੀ ਨਾ ਭੱਜਦੇ,

ਜਿਹੜਾ ਹਰ ਸ਼ੈ ਸਾਂਭੇ 'ਆਤਿਫ਼' ਬੱਦਲ ਆਣ ਤੋਂ ਪਹਿਲਾਂ ।

📝 ਸੋਧ ਲਈ ਭੇਜੋ