ਸੋਚ ਮੱਥਿਆਂ ਦੀ,
ਚਿੰਤਨਤਾ ਚ ਲਿਖੀ ਵਡਿਆਈ
ਸਿਰਾਂ ਦਾ ਮਾਣ
ਅੰਬਰਾਂ ਜਿੱਡਾ ਰੁੱਤਬਾ
ਬੋਲ ਸ਼ਬਦਾਂ ਦੀ ਹੀ
ਕਿਣਮਿਣ ਹੁੰਦੀ ਹੈ
ਮਹਿਕ ਖਿਲਾਰੇ
ਉਸਾਰੇ ਸਮਾਜ ਦੇ ਮੰਜੇ ਦੇ ਪਾਵੇ
ਕੁਝ ਰੰਗਲੇ ਕੁਝ ਸਾਵੇ 2
ਸ਼ਬਦ ਹੀ ਬੀਜਣ ਕਲੀਆਂ ਤੇ ਅਨਾਰ
ਜਿਹਨਾਂ ਨੂੰ ਰੀਝਾਂ ਦੇ ਫੁੱਲ ਲੱਗਣ
ਵਿਹੜੇ ਖਿੜ੍ਹਨ -ਬਾਗ ਮਹਿਕਣ
ਸੱਤਾ ਨਾ ਕੋਈ ਸਹਿ ਸਕੇ
ਸ਼ਬਦ ਸੰਵੇਦਨਾ ਦਾ ਰਾਹ
ਔਖੇ 2 ਲਵੇ ਸੁਣ 2 ਸਾਹ-
ਸ਼ਬਦ ਸੱਚ ਬੋਲਣ ਲਿਖਣ
ਕੌਣ ਸੁਣਦਾ-
ਕੋਰੇ ਸ਼ਬਦਾਂ ਦਾ ਸੱਤਾ ਨਾਲ ਵੈਰ-
ਇਹ ਨਾ ਮੰਗਣ ਕੋਂਪਲਾਂ ਦੀ ਖੈਰ
ਵਿਚਾਰ ਕਦ ਮਰਨ,
ਸਲੀਬਾਂ ਤੇ ਹੀ ਲਟਕਣਾਂ ਜਾਨਣ
ਐਂਵੇਂ ਬੰਦ ਕਰਨ ਦੀ ਕੋਸ਼ਿਸ ਨਾ ਕਰ-
ਇਹਨਾਂ ਦੀ ਕੁਰਲਾਹਟ
ਜੇ ਬੋਲ ਲੋਕਾਂ ਦੀ ਅਵਾਜ਼ ਬਣ ਗਏ-
ਦਸ 2 ਲੱਖ ਦੇ ਸੂਟ ਪਾੜ ਦੇਣਗੇ
ਤੇਰੇ ਬਖ਼ਸ਼ੇ ਅੱਛੇ ਦਿਨਾਂ ਵਾਲੇ ਬੋਲਾਂ ਨੂੰ ਵੀ ਲੱਭ ਲੈਣਗੇ
ਇਹ ਬੋਲ ਹੀ ਸਨ
ਕਿ ਲੋਕ ਇਤਬਾਰ ਕਰ ਗਏ-
ਸੱਚੇ ਬੋਲਾਂ ਵਾਲੀ
ਜੇ ਜੀਭ ਕੁਝ ਕਹਿੰਦੀ ਹੈ
ਤਾਂ ਉਸ ਨੂੰ ਕੱਟੇ ਜਾਣ ਦਾ ਸ਼ੌਕ ਵੀ ਹੁੰਦਾ ਹੈ-
ਸੁਰੱਖਿਅਤਾ ਚ ਬੈਠੇ ਬੋਲ
ਸਹਿਕਦੇ ਰਹਿ ਜਾਣਗੇ-
ਵਾਅਦਿਆਂ ਨਾਲ ਹੁਣ ਪੇਟ ਨਹੀਂ ਭਰਦੇ-
ਚੌੜੀਆਂ ਛਾਤੀਆਂ ਪਿੱਟਦੀਆਂ ਨਹੀਂ ਹੁੰਦੀਆਂ
ਕੁਝ ਕਰਕੇ ਵਿਖਾਉਂਦੀਆਂ ਨੇ-
ਜੇ ਸ਼ਬਦਾਂ ਦਾ ਸੇਕ ਏਨਾ ਹੈ
ਤਾਂ ਮਾਣ ਕੇ ਤਾਂ ਵਿਖਾ
ਮਹਿੰਗੇ ਸੂਟਾਂ ਦਾ ਚਾਅ ਕੇਹਾ-
ਜਰਾ ਨੰਗੇ ਤਨ ਤਾਂ ਦੇਖ
ਰੁਲਦੇ ਫੁੱਟ ਪਾਥਾਂ ਤੇ-ਸਿਤਾਰੇ
ਕੌਣ ਢਕੇਗਾ ਉਹਨਾਂ ਨੂੰ ਲੋਗੜੇ ਕੋਸੇ ਬੋਲਾਂ ਨਾਲ
ਕਦ ਹੋਵੇਗਾ ਚਾਨਣ ਉਹਨਾਂ ਦੀਆਂ ਕੁੱਲੀਆਂ ਚ
ਉਹਨਾਂ ਦੀਆਂ ਪਲਕਾਂ ਦੇ
ਹੰਝੂ ਕਦ ਸੁੱਕਣਗੇ
ਕਦ ਪੱਕੇਗੀ ਚੰਦ ਵਰਗੀ ਰੋਟੀ
ਪੇਟ ਦੇ ਚੁੱਲ੍ਹੇ ਤੇ-
ਭਾਸ਼ਣਾਂ ਨਾਲ ਜੇ ਪੇਟ ਭਰਦੇ
ਤਾਂ ਭਾਰਤ ਦਾ ਨਕਸ਼ਾ ਭੁੱਖਾ ਨਾ ਕੁਰਲਾਂਦਾ-
ਮਾਂਵਾਂ ਟੁੱਕ ਦਾ ਜ਼ਿਕਰ
ਅਰਦਾਸਾਂ ਚ ਨਾ ਕਰਦੀਆਂ
ਤਨ ਢਕਣ ਲਈ
ਇਨਸਾਨੀਅਤ ਪੱਤ ਨਾ ਓੜਦੀ-
ਇਹ ਜੋ ਟੀਵੀ ਬੋਲਦੇ ਨੇ
ਸਾਰੇ ਤੇਰੀ ਛਾਤੀ ਦੀ ਚੌੜਾਈ ਦਾ ਵਰਨਣ ਨਹੀਂ ਕਰਨਗੇ
ਲੋਕਾਂ ਦੇ ਪੇਟ ਦੀ ਭੁੱਖ ਦੀ ਕਥਾ ਸਨਾਉਣਗੇ
ਭੁੱਖੇ ਘਰਾਂ ਚ ਕਦੇ ਦੀਵੇ ਨਹੀਂ ਜਗਦੇ
ਨੰਗੇ ਤਨਾਂ ਚ ਨਿੱਘ ਨਹੀ ਹੁੰਦੇ-
ਕੁਫ਼ਰ ਬੋਲਦੇ ਨੇ-
ਟੀਵੀ ਦੇ ਇਹ ਡੱਬੇ
ਜਾਲ ਦੇਣ ਦਾ ਵਕਤ ਹੈ ਹੁਣ ਇਹਨਾਂ ਨੂੰ !
ਸੁੱਚੇ ਸ਼ਬਦ ਤੇ ਕਲਮ
ਹੀ ਲੋਕ ਆਵਾਜ਼ ਹੁੰਦੀ ਹੈ
ਸੁੱਖ ਮੰਗਦਾ 2 ਦੇਸ਼ ਦੁੱਖਾਂ ਚ ਘਿਰ ਗਿਆ ਹੈ
ਦਿਨ ਰਾਤ ਦੁੱਖ ਓੜ ਕੇ ਸੌਂਦੇ ਨੇ ਘੜੀ ਪਲ
ਮੂੰਹ'ਚੌਂ ਸ਼ਬਦ ਨਾ ਬੋਲੋ
ਦੁੱਖ ਹੈ ਤਾਂ ਚੀਸਾਂ ਨਾ ਦੱਸੋ?
ਇਹ ਕਿਹੜਾ ਲੋਕ ਤੰਤਰ-ਮੰਤਰ
ਨਿੱਤ ਸ਼ਬਦ ਹੀ ਤਵੀਆਂ ਤੇ ਬੈਠਣ
ਸਲੀਬਾਂ ਝੂਟਣ -ਸੀਸ ਦੇਣ-
ਨੀਹਾਂ ਚ ਵੀ ਏਹੀ ਗਾਉਣ
ਕੰਡਿਆਂ ਤੇ ਵੀ ਏਹੀ ਸਾਉਣ-