ਸੋਚ ਨਹੀਂ ਇਹ ਸੱਚ

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਲੋਕ ਪੈਸਾ- ਪੈਸਾ ਕਰਦੇ ਨੇ

ਗਲਾ ਮਾਂ ਬਾਪ ਦਾ ਫੜਦੇ ਨੇ

ਕਤਲ ਭਾਈ ਭਾਈ ਦਾ ਕਰਦੇ ਨੇ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਆਦਰ ਮਾਣ ਜੱਗ ਤੋਂ ਮੁੱਕ ਗਿਆ

ਸਾਗਰ ਪਿਆਰ ਵਾਲਾ ਸੁੱਕ ਗਿਆ

ਹਾਸਾ ਬੁਲੀਆਂ ਤੋਂ ਵੀ ਮੁੱਕ ਗਿਆ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਲੋਕ ਮੋਹ ਮਾਇਆ ਨੇ ਜੱਕੜੇ ਨੇ

ਕੁਝ ਮਾੜੇ ਨੇ ਕੁਝ ਤੱਕੜੇ ਨੇ

ਕਾਲੀ ਕਾਲ ਦੀ ਕਾਲਖ਼ ਜੱਕੜੇ ਨੇ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਕੋਈ ਪਿਆਰ ਦੀ ਬੋਲੀ ਬੋਲੇ ਨਾ

ਬੂਹੇ ਦਿਲ ਨੂੰ ਦਿਲ ਕੋਈ ਖੋਲੇ ਨਾ

ਕੋਈ ਅੱਖੀਓਂ ਹੰਝੂ ਡੋਲੇ ਨਾ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਲੋਕ ਜੱਕੜੇ ਪੰਜ ਵਿਕਾਰਾਂ ਨੇ

ਧੰਨ ਦੌਲਤਾਂ ਕੋਠੀਆਂ ਕਾਰਾਂ ਨੇ

ਕਾਮ ਕ੍ਰੋਧ ਮੋਹ ਲੋਭ ਹੰਕਾਰਾਂ ਨੇ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਗੱਲ ਸੇਵਾ ਵਾਲੀ ਕੋਈ ਕਰਦਾ ਨਾ

ਹੱਥ ਲੋੜਵੰਦ ਦਾ ਫੜਦਾ ਨਾ

ਕੋਈ ਸੱਚ ਦੀ ਪੌੜੀ ਚੜ੍ਹਦਾ ਨਾ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਕੋਈ ਗੱਲ ਸਿਆਣੀ ਕਰੇ ਨਾ

ਲਿੱਖੀ ਅੰਮ੍ਰਿਤ ਬਾਣੀ ਪੜ੍ਹੇ ਨਾ

ਕੋਈ ਰੱਬ ਯਾਦ ਵੀ ਕਰੇ ਨਾ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਹੁਣ ਸ਼ਰਮ ਕਿਸੇ ਨੂੰ ਆਵੇ ਨਾ

ਕੋਈ ਪੂਰੇ ਕੱਪੜੇ ਪਾਵੇ ਨਾ

ਬਹਿ ਹੱਕ ਦੀ ਰੋਟੀ ਖਾਵੇ ਨਾ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਹੁਣ ਸੱਚ ਦੀ ਕੋਈ ਕਦਰ ਨਹੀਂ

ਕੌਣ ਕੀ ਏ ਕੋਈ ਖ਼ਬਰ ਨਹੀਂ

ਲੱਗੀ ਦੌੜ ਹੈ ਕੋਈ ਸਬਰ ਨਹੀਂ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਮਨੁੱਖ ਮਨੁੱਖ ਦਾ ਵੈਰੀ ਹੋਇਆ ਏ

ਕੋਈ ਜਿਉਂਦਾ ਏ ਕੋਈ ਮੋਇਆ ਏ

ਕੋਈ ਖ਼ੂਨ ਦੇ ਹੰਝੂ ਰੋਇਆ ਏ ।

ਸੋਚ ਨਹੀਂ ਇਹ ਸੱਚ ਹੈ ।

ਸੋਚ ਨਹੀਂ ਇਹ ਸੱਚ ਹੈ ਕਿ

ਹੁਣ ਥਾਂ ਥਾਂ ਠੱਗੀਆਂ ਚੋਰੀਆਂ ਨੇ

ਚਾਦਰ ਆਪਣੀ ਵਿਚ ਵੀ ਮੋਰੀਆਂ ਨੇ

ਸੁਰਜੀਤ ਕਹਿੰਦਾ ਗੱਲਾਂ ਕੋਰੀਆਂ ਨੇ

📝 ਸੋਧ ਲਈ ਭੇਜੋ