ਸੋਚ ਸੋਚ ਕੇ ਨੰਗ ਸੋਚਾਂ ਨੂੰ
ਲਾ ਦਿੱਤੇ ਨੇ ਰੰਗ ਸੋਚਾਂ ਨੂੰ
ਜੇ ਸੋਚਾਂ ਤੋਂ ਕੰਮ ਲੈਣਾ ਈਂ
ਕਿੱਲੀਆਂ ਨਾਲ਼ ਨਾ ਟੰਗ ਸੋਚਾਂ ਨੂੰ
ਇੱਕ ਮਿਸਰੇ ਲਈ ਲੜਨੀ ਪੈਂਦੀ
ਕਈ ਕਈ ਰਾਤਾਂ ਜੰਗ ਸੋਚਾਂ ਨੂੰ
ਸਾਰੇ ਜਗ ਵਿਚ ਕਰ ਛੱਡਿਆ ਏ
ਤੰਗ ਜ਼ਿਹਨਾ ਨੇ ਤੰਗ ਸੋਚਾਂ ਨੂੰ
ਕਈ ਸੋਚਾਂ ਵਿਚ ਕੰਮ ਦੇਂਦੀ ਏ
ਅੱਜ ਵੀ ਉਹਦੀ ਵੰਗ ਸੋਚਾਂ ਨੂੰ
ਖਾ ਜਾਂਦਾ ਏ ਕਈ ਕਈ ਵਾਰੀਂ
ਕਈ ਸੋਚਾਂ ਦਾ ਜੰਗ ਸੋਚਾਂ ਨੂੰ
ਇੰਜ ਲੱਗਦਾ ਏ ਸੁੱਤੇ ਪਏ ਨੇ
ਲੋਕ ਪਿਆ ਕੇ ਭੰਗ ਸੋਚਾਂ ਨੂੰ
ਲੌਹਰ ਕਸੂਰ ਦੇ ਪਿਆਰ ਨੇ ‘ਸੰਧੂੱ
ਕਰ ਦਿੱਤਾ ਏ ਝੰਗ ਸੋਚਾਂ ਨੂੰ