ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ ।
ਸੁੱਖਾਂ ਦੇ ਸੂਰਜ ਲਈ ਮਿੱਟੀ ਗੋਣਗੀਆਂ ।
ਇਹ ਵੇਲਾ ਵੀ ਜੀਵਨ ਦੇ ਵਿਚ ਤੱਕਣਾ ਸੀ,
ਲਾਸ਼ਾਂ ਵੀ ਰੂਹਾਂ ਦੇ ਪੱਥਰ ਢੋਣਗੀਆਂ ।
ਹੰਝੂਆਂ ਦੇ ਨਾਲ ਚਿਹਰਾ ਤੇ ਧੁਲ ਸਕਦਾ ਏ,
ਅੱਖਾਂ ਦਿਲ ਦੇ ਦਾਗ਼ ਭਲਾ ਕਿੰਜ ਧੋਣਗੀਆਂ ।
ਅੱਜ ਫਿਰ ਕਾਵਾਂ ਦਾ ਲੱਗਾ ਦਾਅ ਬੋਟਾਂ ਤੇ,
ਅੱਜ ਫਿਰ ਚਿੜੀਆਂ ਸ਼ਾਖ਼ਾਂ ਤੇ ਬਹਿ ਰੋਣਗੀਆਂ ।
ਕੀ ਏ ਜੇ ਅੱਜ ਉਹਦੀਆਂ ਵਾਗਾਂ ਖੁੱਲੀਆਂ ਨੇ,
ਕੱਲ ਉਹਦੇ ਲਈ ਸੜਕਾਂ ਵੀ ਤੰਗ ਹੋਣਗੀਆਂ ।
ਕਹਿਰ ਹਨੇਰੇ ਛਟ ਜਾਵਣਗੇ ਅੰਤ 'ਉਦਾਸ'
ਰਾਤਾਂ ਕਦ ਤੱਕ ਜ਼ੁਲਮ ਦੀ ਚੱਕੀ ਝੋਣਗੀਆਂ ।