ਸੋਚਾਂ ਫ਼ਿਕਰਾਂ ਲੋੜਾਂ ਥੋੜ੍ਹਾਂ ਹੱਥੋਂ ਟੁੱਟ ਕੇ ਰਾਤੀਂ
ਸੌਂ ਜਾਨਾਂ ਵਾਂ ਰੀਝਾਂ ਦੀ ਮੈਂ ਸੰਘੀ ਘੁੱਟ ਕੇ ਰਾਤੀਂ
ਉੱਗ ਪੈਂਦਾ ਏ ਦਿਨ ਚੜ੍ਹਦੇ ਨੂੰ ਹਿਜਰ ਦਾ ਉਹੀਓ ਬੂਟਾ
ਸੁੱਟ ਦਿੰਨਾਂ ਵਾਂ ਵਿਹੜੇ ਵਿਚੋਂ ਜਿਹਨੂੰ ਪੁੱਟ ਕੇ ਰਾਤੀਂ
ਸ਼ਾਮੀ ਦਿਲ ਵਿਚ ਨੱਪੇ ਸਨ ਮੈਂ ਐਵੇਂ ਦੋ ਤਿੰਨ ਟੁੱਕੜੇ
ਮੇਰੇ ਤੋਂ ਵੀ ਵੱਡੇ ਹੋ ਗਏ ਕੜਮੇ ਫੁੱਟ ਕੇ ਰਾਤੀਂ
ਹੱਥਾਂ ਨੂੰ ਹੱਥ ਖਾਂਦੇ ਰਹੇ ਪਰ ਸੁੱਤੇ ਲੋਕ ਨਾ ਜਾਗੇ
ਮੁੜ ਆਇਆ ਵਾਂ ਪੂਰੇ ਸ਼ਹਿਰ ਦੇ ਬੂਹੇ ਕੁੱਟ ਕੇ ਰਾਤੀਂ
ਕੀ ਦੱਸਾਂ ਮੈਂ ਕਸਮੇਂ ਧਰਤੀ ਅੰਬਰ ਨੂੰ ਅੱਗ ਲਾਈ
’ਵਾ ਨੇ ਚੰਨ ਦੇ ਮੁੱਖੜੇ ਉੱਤੇ ਬੱਦਲ ਸੁੱਟ ਕੇ ਰਾਤੀਂ
ਚਿੱਟੇ ਦਿਨ ਈ ਲੁੱਟੀ ਜਾਵੇ ਰੋਜ਼ ਜਿਹਦੀ ਮਜ਼ਦੂਰੀ
ਕੀ ਲੈਣਾ ਈ ਲੇਖਾ ਉਹਦੇ ਘਰ ਨੂੰ ਲੁੱਟ ਕੇ ਰਾਤੀਂ
ਇਸ ਧਰਤੀ ਤੇ ‘ਸੰਧੂ’ ਅੱਖ ਨੇ ਇੰਜ ਦੀ ਖੇਡ ਵੀ ਵੇਖੀ
ਪਿੱਟਦੇ ਪਏ ਸਨ ਚੋਟਾਂ ਵਾਲ਼ੇ ਮੀਹਰਾਂ ਚੁੱਟ ਕੇ ਰਾਤੀਂ