ਸੋਚਣ ਨੂੰ ਦਿਲ ਕਰਦਾ

ਉਸ ਦੇ ਬਾਰੇ ਸੋਚਣ ਨੂੰ ਦਿਲ ਕਰਦਾ ਏ । 

ਜਿਸ ਦਾ ਚਿਹਰਾ ਪਾਣੀ ਤੇ ਚੰਨ ਤਰਦਾ ਏ ।

ਸੁਫ਼ਨਾ ਕੀ ਏ ! ਬੜੀ ਪੁਰਾਣੀ ਬਾਸਮਤੀ, 

ਖੁਸ਼ਬੂ ਕੀ ਏ ! ਯਾਦ ਕਿਸੇ ਦਾ ਪਰਦਾ ਏ ।

ਜਿਸਮ ਕਿ ਸੂਰਜ ਬਲਦਾ ਜਾਏ ਹਾੜ ਸਿਆਲ, 

ਰੂਹ ਕਿ ਸੂਰਜ ਅੰਦਰੋ ਅੰਦਰ ਠਰਦਾ ਏ ।

ਨਫ਼ਰਤ ਦੇ ਸ਼ਮਸ਼ਾਨ ਅਬਾਦ ਕਰੀ ਜਾਂਦਾ, 

ਬੰਦਾ ਅਸਲੋਂ ਵਾਸੀ ਪ੍ਰੇਮ ਨਗਰ ਦਾ ਏ ।

ਜਾਵਾਂ ਮੈਂ ਲਾਹੌਰ ਤੇ ਕਹਿੰਦਾ ਹਾਂ ਦਿੱਲੀ, 

ਸੱਚੀ ਗੱਲ ਵੀ ਦੱਸਣ ਤੋਂ ਜੀ ਡਰਦਾ ਏ ।

ਸਾਵੀ ਧਰਤੀ ਬੇਵਾ ਇਕ ਮੁਟਿਆਰ ਜਿਹੀ, 

ਚੰਨ ਵੱਲ ਉੱਡਣ ਵਾਲੇ ਦਾ ਕਿੰਜ ਸਰਦਾ ਏ ।

ਦੌਲਤ ਵੀ ਹੈ , ਇੱਜ਼ਤ ਵੀ ਹੈ ਸ਼ੁਹਰਤ ਵੀ

ਵੇਖ ਹਮਾਤੜ ਤਾਂ ਵੀ ਹੌਕੇ ਭਰਦਾ ਏ ।

📝 ਸੋਧ ਲਈ ਭੇਜੋ