ਸੋਚਾਂ ਤਾਈਂ ਜ਼ਖ਼ਮੀ ਕਰਦੇ, ਨੁਕਤਾਚੀਨ ਖ਼ਿਆਲ ।
ਮੂਹੜਿਆਂ ਦੇ ਸੰਗ ਅੜਕੇ ਪਾਟਣ, ਜਿਉਂ ਮਹੀਨ ਖ਼ਿਆਲ ।
ਮੇਰੇ ਕੋਲ ਤੇ ਪਿਆਰ ਉਦੇ੍ਹ ਦੀ ਸਿੱਧੀ-ਸਾਦੀ ਗੱਲ,
ਸਾਦ ਮੁਰਾਦਾ ਕਿੱਥੋਂ ਲਿਆਵਾਂ ਮੈਂ ਰੰਗੀਨ ਖ਼ਿਆਲ ।
ਇਸ਼ਕ ਜ਼ੋਰਾਵਰ ਅਜ਼ਲੋਂ ਸਾਡੀ ਝੋਲੀ ਵਿਚ ਪਿਆ,
ਐਸੇ ਦੇ ਹੀ ਕਾਰਨ ਸਾਡੇ ਹੈਨ ਜ਼ਹੀਨ ਖ਼ਿਆਲ ।
ਦਿਲ ਦੀ ਝੁੱਗੀ ਝਾਤੀ ਪਾਕੇ ਤੁਰ ਗਈ ਇਕ ਮੁਟਿਆਰ,
ਅੱਜ ਤੀਕਰ ਨਾ ਵਿਸਰਣ ਚੇਤਿਉਂ, ਦੇਣ ਨਾ ਜੀਣ ਖ਼ਿਆਲ ।
ਜਦ ਦਾ ਆ ਕੇ ਉਹ ਤੇ ਆਪਣਾ ਪੱਤਰਾ ਵਾਚ ਗਿਆ ਏ,
ਦਿਲ ਨਗਰੀ ਵਿਚ ਅੱਜ ਵੀ ਉਹਦੇ ਹੈਨ ਕਮੀਨ ਖ਼ਿਆਲ ।
ਲੋਕਾਂ ਦੇ ਪਿਆ ਰੰਗ ਚੁਰਾ ਕੇ ਗ਼ਜ਼ਲਾਂ ਲਿਖਦਾ ਰਹਿੰਦੈ,
ਬਣਿਆ ਫਿਰਦੈ ਵੱਡਾ ਸ਼ਾਇਰ ਇਹ 'ਅਮੀਨ ਖ਼ਿਆਲ' ।