ਸੋਚਣ ਵੇਲੇ ਕੁੱਝ ਨਾ ਸੋਚਿਆ, ਹੁਣ ਕੀ ਸਾਈਆਂ ਸੋਚਾਂ ।
ਕੀ ਆਈਆਂ ਜੇ ਬੀਤੇ ਵੇਲੇ ਮੈਨੂੰ ਆਈਆਂ ਸੋਚਾਂ ।
ਕੋਕਾ ਕੋਲਾ ਪੀ ਪੀ ਕੇ ਵੀ ਦਿਲ ਦੀ ਡਾਂਝ ਨਾ ਲੱਥੀ,
ਸਿਖ਼ਰ ਦੁਪਹਿਰ ਦੇ ਰਾਹੀ ਵਾਂਗੂੰ, ਨੇ ਤਿਰਹਾਈਆਂ ਸੋਚਾਂ ।
ਗ਼ਮ ਦੇ ਬੱਦਲ ਗੂਹੜੇ ਹੋ ਕੇ, ਆਏ ਬੰਨ੍ਹ ਘਟਾਵਾਂ,
ਜਦ ਵੀ ਮੈਂ ਵੇਲੇ ਦੀ ਧੁੱਪੇ, ਸੁਕਣੀਆਂ ਪਾਈਆਂ ਸੋਚਾਂ ।
ਚੁਗ਼ਲੀ ਖ਼ੋਰੇ ਕਾਗ਼ਜ਼ ਉੱਤੋਂ, ਅੱਖਰ ਨਾ ਕੋਈ ਪੜ੍ਹ ਲਏ,
ਵਾ-ਵਰੋਲਿਆਂ ਉੱਤੇ ਲਿਖ ਕੇ, ਮੈਂ ਅਪੜਾਈਆਂ ਸੋਚਾਂ ।
ਰਾਤੀਂ ਚਿੱਠੀਆਂ ਲਿਖ-ਲਿਖ ਕੇ ਤੇ, ਕਾਗ਼ਜ਼ ਕਾਲੇ ਕੀਤੇ,
ਫ਼ਜਰੀਂ ਉੱਠ ਕੇ ਤੱਕਿਆ ਤੇ ਸੀ ਮੈਂ ਗ਼ਜ਼ਲਾਈਆਂ ਸੋਚਾਂ ।
ਮੈਂ ਸਾਂ ਕਮਲਾ, ਝੱਲਾ ਪਾਗਲ, ਸੁਰਤ ਵੰਜਾਈ ਫਿਰਦਾ,
ਜੀਵੇ ਮੁਰਸ਼ਦ ਕਾਮਿਲ 'ਜ਼ਖ਼ਮੀ' ਜਿਸ ਰੁਸ਼ਨਾਈਆਂ ਸੋਚਾਂ ।