ਸੋਚਦਾਂ ਹਾਂ ਇਹ ਮੈਨੂੰ ਹੋਇਆ ਕੀ।
ਦਰਦ ਦਿਲ ਵਿਚ ਮਿਰੇ ਹੈ ਉੱਠਿਆ ਕੀ।
ਹੈ ਮੁਕੱਦਰ ਮੇਰਾ ਸਫ਼ਰ ਸ਼ਾਇਦ,
ਕੋਈ ਮੰਜ਼ਿਲ ਤੇ ਕੋਈ ਰਸਤਾ ਕੀ।
ਕੀ ਸੀ ਰੌਸ਼ਨ ਇਹ ਆਫ਼ਤਾਬ ਜਿਹਾ,
ਵੇਖਦੇ-ਵੇਖਦੇ ਇਹ ਬੁਝਿਆ ਕੀ।
ਰਾਤ ਨੂੰ ਉਸਨੇ ਰਾਤ ਕਹਿ ਦਿੱਤਾ,
ਛੁੱਟ ਇਸ ਤੋਂ ਉਹ ਹੋਰ ਕਹਿੰਦਾ ਕੀ।
ਰਹਿ ਨਾ ਸਕਿਆ ਜੋ ਅਪਣਾ ਹੋ ਕੇ ਵੀ,
ਉਹ ਕਿਸੇ ਦਾ ਵੀ ਹੋ ਕੇ ਰਹਿੰਦਾ ਕੀ।
ਹੁਣ ਤੇ ਮੈਨੂੰ ਸਮਝ ਨਹੀਂ ਇਸਦੀ,
ਕੀ ਬੁਰਾ ਹੈ ਤੇ ਏਥੇ ਚੰਗਾ ਕੀ।
ਵੇਚ ਆਏ ਹਾਂ ਅਪਣੀ ਗ਼ੈਰਤ ਨੂੰ,
ਦਾਮ ਮਹਿੰਗਾ ਤੇ ਦਾਮ ਸਸਤਾ ਕੀ।