ਸੋਸ਼ਲ ਡਿਸਟੈਂਸਿੰਗ ਬਨਾਮ ਸਮਾਜਿਕ ਕਰੋਨਾ

ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ

ਅੱਜਕਲ੍ਹ ਰਿਹਰਸਲ ਕਰ ਰਹੇ ਹੋ

ਕਰੋਨਾ ਤੋਂ ਡਰ ਕੇ

ਇਹ ਕੀ ਬਲਾ ਹੈ ?

ਇਹ ਸਾਡੇ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ

ਜਿਹਨਾਂ ਨੇ ਸਦੀਆਂ ਤੋਂ ਇਸਦਾ

ਕਰੂਪ ਤੇ ਕਰੂਰ ਸੱਚ

ਪੀੜ੍ਹੀ ਦਰ ਪੀੜ੍ਹੀ

ਅਮਲ ਵਿੱਚ ਹੰਡਾਇਆ ਹੋਵੇ

ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ

ਅੱਜਕਲ੍ਹ ਰਿਹਰਸਲ ਕਰ ਰਹੇ ਹੋ

ਅਸੀਂ ਹਰ ਰੋਜ਼ ਅਸਲ ਜ਼ਿੰਦਗੀ ਵਿੱਚ

ਜੀਂਦੇ ਹਾਂ

ਅੰਦਰੋਂ ਮਰ ਮਰ ਕੇ

ਪਿੰਡਾਂ ਦੇ

ਵਿਹੜਿਆਂ ਵਿੱਚ,ਠੱਠੀਆਂ ਵਿੱਚ

ਸ਼ਹਿਰਾਂ ਦੀਆਂ ਝੁੱਗੀਆਂ ਵਿੱਚ ,ਝੌਂਪੜੀਆਂ ਵਿੱਚ

ਗ਼ੁਰਬਤ ਦੀਆਂ ਬਸਤੀਆਂ ਵਿੱਚ

ਤੁਹਾਡੇ ਤੋਂ ਵਿੱਥ ਤੇ

ਸੋਸ਼ਲ ਡਿਸਟੈਂਸਿੰਗ ਵਾਲ਼ੀ

ਜ਼ਿੰਦਗੀ ਬਸਰ ਕਰਕੇ। 

ਛੂਤ ਦੀ ਬਿਮਾਰੀ ਕੀ ਹੁੰਦੀ ਹੈ

ਸਾਡੇ ਤੋਂ ਵੱਧ ਕੌਣ ਜਾਣ ਸਕਦਾ ਹੈ

ਜਿਹਨਾਂ ਦੇ ਅੰਗ ਛੂਹਣ ਨਾਲ਼ ਹੀ

ਤੁਹਾਨੂੰ ਭਿੱਟ ਦੀ ਇਨਫੈਕਸ਼ਨ ਹੋ ਜਾਂਦੀ ਹੈ

‘ਸਮਾਜਿਕ ਕਰੋਨਾ’ ਦੀ ਇਨਫ਼ੈਕਸ਼ਨ

ਇਹ ਸੋਸ਼ਲ ਡਿਸਟੈਂਸਿੰਗ ਜਿਸਦੀ ਤੁਸੀਂ

ਅੱਜਕਲ ਰਿਹਰਸਲ ਕਰ ਕਰ ਸਿੱਖ ਰਹੇ ਹੋ

ਮੌਤ ਤੋਂ ਡਰ ਕੇ

ਸਾਡੀ ਜ਼ਿੰਦਗੀ ਦਾ ਹਿੱਸਾ ਹੈ

ਸਦੀਆਂ ਤੋਂ ....। 

📝 ਸੋਧ ਲਈ ਭੇਜੋ