ਰੋਜ਼ ਮੈਂ ਤਾਰਾ ਤਾਰਾ ਗਿਣ

ਰਾਤ ਬਿਤਾਉਂਦਾ ਹਾਂ

ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ

ਵਾਰ ਕੇ ਆਉਂਦਾ ਹਾਂ ।

ਜਦ ਰੋਹੀਆਂ ਵਿਚ ਪੰਛੀ ਤੜਕੇ

ਵਾਕ ਕੋਈ ਲੈਂਦਾ ਹੈ

ਮੈਂ ਆਪਣੇ ਸੰਗ ਸੁੱਤਾ ਆਪਣਾ

ਗੀਤ ਜਗਾਉਂਦਾ ਹਾਂ ।

ਫਿਰ ਜਦ ਮੈਨੂੰ ਸੂਰਜ ਘਰ ਦੇ

ਮੋੜ 'ਤੇ ਮਿਲਦਾ ਹੈ

ਨਦੀਏ ਰੋਜ਼ ਨਹਾਵਣ

ਉਹਦੇ ਨਾਲ ਮੈਂ ਜਾਂਦਾ ਹਾਂ ।

ਮੈਂ ਤੇ ਸੂਰਜ ਜਦੋਂ ਨਹਾ ਕੇ

ਘਰ ਨੂੰ ਮੁੜਦੇ ਹਾਂ

ਮੈਂ ਸੂਰਜ ਲਈ ਵਿਹੜੇ ਨਿੰਮ ਦਾ

ਪੀਹੜਾ ਡਾਹੁੰਦਾ ਹਾਂ ।

ਮੈਂ ਤੇ ਸੂਰਜ ਬੈਠ ਕੇ ਜਦ ਫਿਰ

ਗੱਲਾਂ ਕਰਦੇ ਹਾਂ

ਮੈਂ ਸੂਰਜ ਨੂੰ ਤੇਰੀ ਛਾਂ ਦੀ

ਗੱਲ ਸੁਣਾਉਂਦਾ ਹਾਂ ।

ਛਾਂ ਦੀ ਗੱਲ ਸੁਣਾਉਂਦੇ ਜਦ ਮੈਂ

ਕੰਬਣ ਲੱਗਦਾ ਹਾਂ

ਮੈਂ ਸੂਰਜ ਦੇ ਗੋਰੇ ਗਲ ਵਿਚ

ਬਾਹਵਾਂ ਪਾਉਂਦਾ ਹਾਂ ।

ਫਿਰ ਜਦ ਸੂਰਜ ਮੇਰੇ ਘਰ ਦੀ

ਕੰਧ ਉਤਰਦਾ ਹੈ

ਮੈਂ ਆਪਣੇ ਹੀ ਪਰਛਾਵੇਂ ਤੋਂ

ਡਰ ਡਰ ਜਾਂਦਾ ਹਾਂ ।

ਮੈਂ ਤੇ ਸੂਰਜ ਘਰ ਦੇ ਮੁੜ

ਪਿਛਵਾੜੇ ਜਾਂਦੇ ਹਾਂ

ਮੈਂ ਉਹਨੂੰ ਆਪਣੇ ਘਰ ਦੀ

ਮੋਈ ਧੁੱਪ ਵਿਖਾਉਂਦਾ ਹਾਂ ।

ਜਦ ਸੂਰਜ ਮੇਰੀ ਮੋਈ ਧੁੱਪ ਲਈ

ਅੱਖੀਆਂ ਭਰਦਾ ਹੈ

ਮੈਂ ਸੂਰਜ ਨੂੰ ਗਲ ਵਿਚ ਲੈ ਕੇ

ਚੁੱਪ ਕਰਾਉਂਦਾ ਹਾਂ ।

ਮੈਂ ਤੇ ਸੂਰਜ ਫੇਰ ਚੁਪੀਤੇ

ਤੁਰਦੇ ਜਾਂਦੇ ਹਾਂ

ਰੋਜ਼ ਮੈਂ ਉਹਨੂੰ ਪਿੰਡ ਦੀ ਜੂਹ ਤਕ

ਤੋਰ ਕੇ ਆਉਂਦਾ ਹਾਂ ।

ਰੋਜ਼ ਉਦਾਸਾ ਸੂਰਜ ਨਦੀਏ

ਡੁੱਬ ਕੇ ਮਰਦਾ ਹੈ

ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ

ਸੋਗ ਮਨਾਉਂਦਾ ਹਾਂ ।

📝 ਸੋਧ ਲਈ ਭੇਜੋ