ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ, 

ਕਿਤੇ ਸੁਣਦਾ ਝੁੰਮਰ ਦੂਰ ਪਿਆ।

ਕੁੜੇ ਮੈਂ ਹਾਂ ਮੇਰਾ ਰੰਗ ਦਿਸੇ 

ਕੁਝ ਛਿਪ ਜਾਂਦਾ ਕੁਝ ਕੰਬ ਦਿਸੇ-

ਕੁੜੇ ਕਤਰੇ ਵਸਦਾ ਸੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕਿਤੇ ਸ਼ਾਖੀਂ ਠੰਢਾ ਬੂਰ ਪਿਆ 

ਕਿਤੇ ਤਪਦਾ ਤੇਜ਼ ਫਤੂਰ ਪਿਆ— 

ਕਿਤੇ ਸਜਦਾ ਰੁਲੇ ਹਜ਼ੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਮੈਂ ਲੰਘਦੀ ਛਿਪਦੀ ਨਾਰ ਪਈ 

ਕਿਤੇ ਧੁਪੜੀ ਕਿਤੇ ਫੁਹਾਰ ਪਈ— 

“ਵਿਚ ਨਾਚ ਕਿਹਾ ਦਸਤੂਰ ਰਿਹਾ"

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਅਣੀ ਪੌਣ ਧਮਕਦਾ ਵੇਗ ਗਿਆ 

ਅਣੀ ਲੈ ਕੇ ਸਾਵਨ ਤੇਗ ਗਿਆ— 

ਕੁੜੇ ਬਾਗ਼ੀਂ ਫੁੱਟਦਾ ਨੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੁੜੇ ਕੌਣ ਹਸ਼ਰ ਤਕ ਨੂਰ ਗਿਆ 

ਕੁੜੇ ਵਾਅਦੇ ਸਾਰੇ ਪੂਰ ਗਿਆ 

ਕੁੜੇ ਮਹਿੰਦੀ ਵਾਂਗ ਸਰੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕਹੂ; ਸੂਰਜ ਨਾਂਹ ਅਸਮਾਨ ਬਲੇ 

ਜਦ ਯਾਰ ਦਾ ਦੀਵਾ ਆਣ ਬਲੇ; 

ਕੁੜੇ ਨ੍ਹੇਰੇ ਲੁਕਦਾ ਤੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੁੜੇ ਅੰਬਰ ਸਾਰਾ ਲੰਘ ਸੁਣੇ 

ਹੜ-ਤਾਲ ਧਮਕਦੀ ਵੰਗ ਸੁਣੇ- 

ਕੁਝ ਵਾ ਵਿਚ ਹੁੱਲ ਜ਼ਰੂਰ ਗਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੁਝ ਰਾਹ ਵਿਚ ਰੁੱਲ ਜ਼ਰੂਰ ਗਿਆ 

ਮੇਰੇ ਸ਼ੌਕ ਦਾ ਮੁੱਲ ਜ਼ਰੂਰ ਪਿਆ; 

ਕੁੜੇ ਤੁਰ ਵਣਜਾਰਾ ਦੂਰ ਗਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੁੜੇ ਢੋਲ ਵੱਜੇ ਅਸਮਾਨ ਦੇ 

ਕੁੜੇ ਬਾਜ਼ ਛੁੱਟੇ ਨੇ ਜਾਨ ਦੇ 

ਕੁੜੇ ਤਪਦਾ ਕਹਿਰ ਕਲੂਰ ਗਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ। 

ਚੜ੍ਹ ਖੰਭ ਮਾਰ ਮਰਦੰਗ ਗਈ 

ਅਸਮਾਨ ਲਹੂ ਕਰ ਰੰਗ ਗਈ 

ਮਰ-ਜੀਂਦੀ ਆਪ ਨੂੰ ਲੰਘ ਗਈ- 

ਮਨ ਭਰਦਾ, ਲੰਘਦਾ ਪੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਹੋ ਤਬਾ ਮਹੀਨ ਮੈਂ ਵਲ ਖਾਵਾਂ 

ਕੁਲ ਜ਼ਿਮੀਂ-ਜ਼ਮਾਨ ਦੇ ਛਲ ਪਾਵਾਂ 

ਬਹਿ ਕੰਢੜੇ ਬੁੱਤ ਦੇ ਜਲ ਜਾਵਾਂ- 

ਰੰਗ ਮੇਰਾ ਖਿੜਦਾ ਭੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਇਹ ਕਿਉਂ ਝੱਖੜਾਂ ਦਾ ਲੋਰ ਕੁੜੇ

ਕਿਉਂ ਸਿਤਮ ਹੋਰ ਤੋਂ ਹੋਰ ਕੁੜੇ

ਖੋਹ ਸੂਰਜ ਦੇਵਾਂ ਤੋੜ ਕੁੜੇ

ਤਾਂ ਭਰ ਖ਼ੁਸ਼ਬੋਆਂ ਬੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੁੜੇ ਬਾਜ਼ੀ ਮੇਰੀ ਹਾਣ ਚੜ੍ਹੀ 

ਰੂਹ ਤਕਦੀਰਾਂ ਦੀ ਸਾਨ ਚੜ੍ਹੀ 

ਕੁੜੇ ਕੂਕ ਮਿਰੀ ਸੁੰਨਸਾਨ ਚੜ੍ਹੀ; 

ਕੋਈ ਤਲਬਾਂ ਕਰੇ ਹਜ਼ੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

ਕੋਈ ਜ਼ੁਲਫ਼ਾਂ ਤਕਦਾ ਦੂਰ ਗਿਆ 

ਕਰ ਗੀਤ ਦੇ ਥਲ ਅਬੂਰ ਗਿਆ 

ਹੋ ਪਲ ਵਿਚ ਜ਼ਾਹਰ-ਜ਼ਹੂਰ ਗਿਆ; 

ਜੱਗ ਦਸਦਾ ਮਿਰਾ ਕਸੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

 ਕੁੜੇ ਸੁੱਤਿਆਂ ਕੌਲ ਹੀ ਪਾਲ ਗਿਆ 

ਲੱਖ ਅੰਬਰੀਂ ਸਾਨੂੰ ਬਾਲ ਗਿਆ; 

ਚੁੱਪ-ਕੀਤੇ ਦੀਵੇ ਨੂਰ ਪਿਆ, 

ਕੁੜੇ ਸ਼ੌਕ ਮਿਰਾ ਮਨਜ਼ੂਰ ਪਿਆ।

📝 ਸੋਧ ਲਈ ਭੇਜੋ