ਸੋਹਣੇ ਹੋਰ ਬੜੇ ਨੇ ਪਰ

ਸੋਹਣੇ ਹੋਰ ਬੜੇ ਨੇ ਪਰ 

ਤੇਰੇ ਵਰਗਾ ਕੋਈ ਨਹੀਂ

ਹਰਦਮ ਹਉਕੇ ਭਰਦੇ ਨੂੰ

ਗ਼ਮ ਦੇ ਸ਼ਹੁ ਵਿਚ ਤਰਦੇ ਨੂੰ 

ਤੇਰੇ ਘਰ ਦੇ ਬਰਦੇ ਨੂੰ

ਤੇਰੇ ਦਰ ਦੀ ਓਟ ਬਿਨਾਂ

ਹੋਰ ਤੇ ਕਿਧਰੇ ਢੋਈ ਨਹੀਂ, ਤੇਰੇ ਵਰਗਾ ......

ਅੱਖੀਆਂ ਰਾਹੀਂ ਖਰਦੇ ਨੂੰ 

ਰੁਖ਼ ਤੋਂ ਲਾਹ ਕੇ ਪਰਦੇ ਨੂੰ 

ਰਖ ਲੈ ਆਸ਼ਕ ਮਰਦੇ ਨੂੰ 

ਘੁੰਡ ਚੁਕਾਈ ਦੇ ਕੇ ਵੀ

ਘੁੰਡ-ਚੁਕਾਈ ਹੋਈ ਨਹੀਂ, ਤੇਰੇ ਵਰਗਾ ...

ਅੰਗਰੀ ਵਿਚ ਰਸਦਾ ਏਂ 

ਫੁੱਲਾਂ ਦੇ ਵਿਚ ਹਸਦਾ ਏਂ 

ਬਾਗ਼ਾਂ ਦੇ ਵਿਚ ਵਸਦਾ ਏਂ

ਤੇਰੇ ਹਾਸੇ ਤੇ ਵਾਸੇ

ਤੇ ਕਿਥੇ ਖੁਸ਼ਬੋਈ ਨਹੀਂ ? ਤੇਰੇ ਵਰਗਾ ... ...

ਮੇਰੇ ਮਨ ਦੇ ਅੰਦਰ ਤੂੰ 

ਮੰਦਰ ਅੰਦਰ ਮੰਦਰ ਤੂੰ  

ਅੰਮ੍ਰਿਤ ਭਰਿਆ ਅੰਬਰ ਤੂੰ

ਏਨਾ ਉੱਚਾ ਹੋ ਕੇ ਵੀ

ਤੂੰ ਮੰਨੀ ਅਰਜ਼ੋਈ ਨਹੀਂ, ਤੇਰੇ ਵਰਗਾ ......

‘ਹਮਦਰਦਾ' ਦੁਖ ਜਰ ਕੇ ਵੀ 

ਸੀਸ ਤਲੀ ਤੇ ਧਰ ਕੇ ਵੀ

ਉਸਦੇ ਉੱਤੇ ਮਰ ਕੇ ਵੀ

ਤੂੰ ਤੂੰ ਜਦ ਤਕ ਹੋਈ ਨਹੀਂ

ਮੈਂ ਮੈਂ ਮੇਰੀ ਮੋਈ ਨਹੀਂ, ਤੇਰੇ ਵਰਗਾ .....

📝 ਸੋਧ ਲਈ ਭੇਜੋ