ਸੋਹਣੀ ਦੀ ਆਖ਼ਰੀ ਰਾਤ -1

ਇਕ ਪਲ ਸੋਹਣੀ ਨੂੰ ਨੀਂਦ ਆਈ

ਮਹਿਕ ਦੇ ਅਣਦਿੱਸ ਚਸ਼ਮਿਆਂ ਵਿੱਚੋਂ 

ਰਾਤ ਦੇ ਭੇਦ ਭਰੇ ਰਾਹਾਂ ਨੂੰ ਚੀਰ ਕੇ 

ਧਰਤ ਦੀਆਂ ਬਾਹਾਂ ਝੱਲੀਆਂ, 

ਕੋਟ ਸਾਲਾਂ ਦੇ ਵਸਲ ਦੀ ਅੱਗ ਨੂੰ 

ਬੁੱਕਲ ਦੀ ਚੁੱਪ ਵਿਚ ਘੁੱਟ ਕੇ 

ਸੋਹਣੀ ਨੂੰ ਲਿਪਟੀਆਂ ਆਖ਼ਰੀ ਵਾਰੀ। 

ਸੁੱਤੀ ਨਾਰ ਜਾਗੇ !

ਉਂਞ ਤਾਂ ਮੂਹ-ਜਲਾਂ ਦੇ ਜ਼ੋਰ ਤੋਂ ਡੂੰਘਾ 

ਸਮੇਂ ਦੇ ਨਕਸ਼ ਛੋਂਹਦਾ

ਆਦਿ ਤੋਂ ਪਹਿਲਾਂ, ਜੁਗਾਦਿ ਤੋਂ ਭਾਰੀ 

ਹੜ੍ਹ ਬਲਵਾਨ ਹੈ ਚਾਰ ਚੁਫ਼ੇਰੇ !

(ਪਤਾ ਨਹੀਂ ਇਹ ਹੜ੍ਹ

ਆਪਣਾ ਹੈ ਜਾਂ ਧਰਤੀ ਦਾ !)

ਕਦੀ ਸੋਹਣੀ ਦੇ ਅੰਗਾਂ ਦਾ ਸਾਦਿਕ ਨਸ਼ਾ 

ਝਿਲਮਲਾਉਂਦੇ ਅਕਾਸ਼ ਨੂੰ ਡਾਢੀਆਂ ਖਿੱਚਾਂ ਪਾ 

ਹਨੇਰੀਆਂ ਦੇ ਨਾਲ ਝਲਦੇ ਵਣਾਂ ਜਿਉਂ ਨਿਵਾਉਂਦਾ,

ਕਦੀ ਇਸ ਚੁੱਪ ਦਾ ਜੋਸ਼ ਅਲਬੇਲਾ

ਧਰਤੀ ਦੇ ਛੁਪੇ ਹੁਸਨਾਂ ਦੇ ਸਿੰਧਾਂ 'ਚ ਉਤਰਦਾ।

ਨੈਣਾਂ, ਬੁੱਲੀਆਂ, ਜ਼ੁਲਫ਼ਾਂ ਦਾ ਜੋਬਨ

ਖ਼ਾਬਾਂ ਦੇ ਸਿਹਰ ਵਿਚ ਲਿਸ਼ਕਦਾ। 

ਅੰਗਾਂ ਦੀਆਂ ਮੂੰਹ-ਜ਼ੋਰ ਸ਼ੀਰੀਨੀਆਂ 

ਧਰਤੀ ਦੇ ਕਣ ਕਣ ਦੀ ਤਾਂਘ 'ਤੇ 

ਫ਼ਰਿਆਦ ਦੀ ਨਹਿਰ ਬਣ ਵੱਜਦੀਆਂ।

ਸੋਹਣੀ ਦੇ ਨਕਸ਼ਾਂ ਦੀ ਚਾਂਦਨੀ, 

ਪਾਵਨ, ਬੇਨਕਸ਼ ਡੂੰਘਾਣਾਂ ਨੂੰ ਭਰਦੀ, 

ਕਿੱਥੇ ਕੁ ਜਾਂਦੀ ? ਕਿੱਥੇ ਕੁ ਥਰਕਦੀ

ਅਨੰਤ ਨੂੰ ਸਮਝ ਆਵੇ,

ਬਉਰਾਣੀਆਂ ਨਜ਼ਰਾਂ ਆਪਣਾ ਆਪ ਜਾਣਨ।

ਸੋਹਣੀ ਦਾ ਖ਼ਾਬ ਪਿਆ ਦੌੜਦਾ

ਧਰਤ ਦੇ ਅਰੂਪ ਅਣਛੋਹੇ ਥਲਾਂ ਵਿਚ, 

ਜੋ ਭੇਦਾਂ ਦੇ ਗਾੜ੍ਹੇ ਨੇਰ ਵਿਚ ਲੇਟੇ

ਤੇ ਮਹਿੰਦੀ ਰੰਗੇ ਪੈਰ ਬਿਜਲੀਆਂ ਬਣ ਕੇ 

ਮੋਏ ਲੁਕੇ ਥਲਾਂ ਦੇ ਸੀਨੇ ਨੂੰ ਚੀਰਦੇ, 

ਮਹਿੰਦੀ ਰੰਗੇ ਨਿਸ਼ਾਨਾਂ ਦੇ ਨਾਲ 

ਦੁਪਹਿਰਾਂ ਸੰਞਾਂ ਦੇ ਕਾਫ਼ਲੇ ਨਸਦੇ ਜਾਵਣ।

ਜੋਬਨ ਦੀ ਚੜ੍ਹਦੀ ਕਾਂਗ ਵਿਚ 

ਆਦਿ-ਜੁਗਾਦਿ ਪਏ ਭਿੜਦੇ;

ਜਿਵੇਂ ਦੂਰ ਤਪਦੀਆਂ ਬਾਰਾਂ ਦੇ ਅੰਦਰ 

ਸਿਖਰ ਦੁਪਹਿਰਾਂ ਦੀ ਢਾਲ 'ਤੇ

ਮਿਰਜ਼ੇ ਦੇ ਤੀਰ ਪਏ ਵਰ੍ਹਦੇ।

ਸੋਹਣੀ ਦੀ ਝਿਲਮਲਾਉਂਦੀ ਨੀਂਦ ਦੇ ਓਹਲੇ 

ਘੁੰਮਨਘੇਰੀਆਂ ਦੇ ਭੇਦ ਆਵਣ 

ਸਮਾਂ ਰੰਗ ਬੇਰੰਗ ਤੋਂ ਅੱਗੇ !

ਹਾਂ ! ਬੁੱਢਾ ਫਲਕ ਉੱਡਦਾ ਧੁੰਧ ਵਿਚ 

ਕੱਪਰਾਂ ਦੇ ਥੱਕੇ ਖੰਭਾਂ ਨੂੰ ਸੁੱਟਦਾ ਜਾਂਦਾ।

ਕੌਣ ਜਾਣੇ ? ਕਿਹੜੇ ਸਿਹਰ ਨੇ ਕਿੱਥੋਂ 

ਜਾਂ ਰਾਤ ਦੀਆਂ ਕਿਹਨਾਂ ਦੂਰੀਆਂ ਨੇ ਜਾਗ ਕੇ 

ਨੱਟ-ਖੱਟ ਸਖੀ ਦੇ ਵਾਂਗੂੰ

ਇਕ ਤਿਖੀ ਝੱਲ ਜ਼ੁਲਫ਼ਾਂ 'ਤੇ ਮਾਰ ਕੇ 

ਛੋਹਿਆ, ਥੋੜੀ ਜੇਹੀ ਛੇੜ ਕੇ ਹਿਲਾਇਆ, 

ਝਿਲਮਿਲਾਉਂਦਾ ਅਨੰਤਾਂ ਤਾਰਿਆਂ ਵਾਲਾ 

ਸੋਹਣੇ ਅਸਮਾਨ ਦਾ ਪੱਲੂ;

ਖ਼ੁਸ਼ਬੋ ਤੋਂ ਨਾਜ਼ੁਕ, ਨਵਾਤ ਤੋਂ ਮਿੱਠਾ, 

ਦਿਸਦੇ-ਅਣਦਿਸਦੇ ਭੇਤ ਤੋਂ ਨਿਆਰਾ।

ਸੋਹਣੀ ਜਾਗੀ, ਜਾਗਦੀ, 

ਹੁਸਨਾਂ ਦਾ ਗਾਫ਼ਲ ਨਸ਼ਾ ਲੈ 

ਗਵਾਹੀ ਦੇਂਦੀ ਅਲਬੇਲੀਆਂ ਖੇਡਾਂ ਦੀ। 

ਬੇਖ਼ੁਦੀਆਂ ਦੇ ਬੇਪਨਾਹ ਜੋਸ਼ ਵਿਚ 

ਝੱਲੀਆਂ ਰਮਜ਼ਾਂ ਲੈ

ਉਹ ਰਣਾਂ ਵਿਚ ਵੜਦੀ,

ਜਿੱਥੇ ਜੋਬਨ ਗੁਨਾਹਾਂ ਦੇ ਨਾਲ ਖੇਡਣ 

ਕਰਨ ਅਠਖੇਲੀਆਂ, ਨੱਚਣ;

ਸੋਹਣੀ ਜਾਗੀ, ਜਾਗਦੀ,

ਉੱਥੇ ਹੀ ਰਾਸ ਜਾ ਪਾਉਂਦੀ; 

ਗੁਨਾਹ ਦਿਆਂ ਰੰਗਲਿਆਂ ਵਜਦਾਂ ਨੂੰ 

ਮੌਜ ਵਿਚ 'ਵਾਜਾਂ ਮਾਰਦੀ

ਤੇ ਬੇਪਨਾਹ ਹੱਸਦੀ, ਜ਼ਾਮਨ ਬਣੇ।

ਸੋਹਣੀ ਧਰਤ 'ਤੇ ਸੁੱਤੀ, ਅਕਾਸ਼ ’ਤੇ ਜਾਗਦੀ।

ਸਦੀਆਂ ਦੀਆਂ ਉਡਾਰੀਆਂ ਲੰਮੀਆਂ

ਸੁੱਤੀ ਦੇ ਹਰ ਨਕਸ਼ 'ਤੇ ਉਡਾਰੀਆਂ ਮਾਰਨ।

ਪੰਧਾਣੂ ਰਾਹ ਭੁੱਲੇ,

ਕਮਾਲ ਛੁਪੇ ਨੇ ਕਿੱਥੇ ?

ਨੈਣ ਫਲਕ ਪੀ ਜਾਵਣ

ਅਸਗਾਹ ਵਿਚ ਥੀਵਣ

ਐਪਰ ਭੇਦ ਦੇਵਣ ਵੱਡੇ ਜਮਾਲ ਦਾ।

ਨੀਂਦਾਂ ਦੇ ਮਿੱਠੇ ਦੇਸ ਵਿਚ

ਕਿਹੋ ਜਹੇ ਘੁੰਡ ਦੇ ਉਹਲੇ,

ਕਿਸ ਨੇਮ ਅਸਗਾਹ ਵਿਚ,

ਕਿਸ ਲੰਮੀ ਨਦੀ ਦੇ ਪੱਤਣ 'ਤੇ,

ਸੋਹਣੀ ਦੇ ਨਕਸ਼ਾਂ ਦੀ ਬਿਜਲੀ ਠਹਿਰਦੀ ?

ਸੁੱਤੀ ਨਾਰ ਅਕਾਸ਼ 'ਤੇ ਜਾਗਦੀ

ਅੰਗਾਂ ਦਾ ਮਧੁਰ ਪ੍ਰਛਾਵਾਂ

ਚੁਫ਼ੇਰੇ ਕਹਿਕਸ਼ਾਂ ਜੇਹੀ ਬਣ ਕੇ ਫੈਲਦਾ।

ਕਿਹੋ ਜਹੀ ਕਿਸਨੂੰ ਧੂਹ ਪੈਂਦੀ

ਉੱਚੇ ਅਸਮਾਨ ਤੋਂ

ਧਰਤੀ ਦੇ ਰਾਂਗਲੇ ਪਾਣੀਆਂ ਉੱਤੇ

ਰੂਪ ਅਬੋਲ ਦੇ ਨੈਣ ਪਏ ਉਲਰਦੇ ?

ਰਮਜ਼ਾਂ ਤਿੱਖੀਆਂ ! ਜਿਉਂ ਛੈਲ ਛੰਨਾਰਾਂ, 

ਦੂਰੋਂ ਧਰਤ ਦੇ ਅੰਗਾਂ ਨੂੰ ਡੰਗਦੀਆਂ, 

ਤਾਂ ਸੋਹਣੀ ਦਾ ਰੰਗ ਰੱਬਾਨੀ

ਆਦਮ ਦੇ ਨੈਣਾਂ 'ਚ ਜਾਗਦਾ 

ਬੇਲਿਆਂ 'ਚ ਲੁਕ ਲੁਕ

ਧਰਤ ਦੇ ਸੁਆਦਾਂ 'ਚ ਮਉਲਦਾ।

ਰਿਜ਼ਕ ਤੋਂ ਸੁੱਚਾ

ਰੁੱਖਾਂ ਦੇ ਸਬਰ ਤੋਂ ਸੰਘਣਾ ਖਿੜਦਾ

ਨਕਸ਼ਾਂ ਦੇ ਚੜ੍ਹਣ-ਛਿਪਣ ਤੋਂ ਉੱਚਾ ਨਵੇਲਾ, 

ਸੋਹਣੀ ਦਾ ਰੰਗ ਰੱਬਾਨੀ

ਅਸਮਾਨ ਦੇ ਉੱਚੇ ਕੋਟਾਂ ਤੋਂ

ਪੈਰਾਂ ਦੀ ਖ਼ਾਕ ਵਿਚ ਲਹਿੰਦਾ, 

ਉਸ ਮਿੱਟੀ ਦਾ ਰਾਜ਼ ਬਣਦਾ

ਜੋ ਵਲੀਆਂ ਦੇ ਇਕਰਾਰਾਂ ਵਾਂਗ ਵੱਡੀ 

ਜੋ ਚਨਾਬ ਦੀਆਂ ਲਹਿਰਾਂ ਜਿਉਂ ਪਿਆਰੀ।

ਸੋਹਣੀ ਜਾਗੀ ਨੂਰ ਦੀ ਕਿਣਮਿਣ ਦੇ ਅੰਦਰ

ਝਿੰਮ ਝਿੰਮ ਫਲਕ ਸੋਹਣੀ ਦੀਆਂ ਪਲਕਾਂ 'ਤੇ ਛਾਇਆ, 

ਅਗੰਮ ਬਰਫ਼ੀਲੀਆਂ ਕੂਟਾਂ ਤੋਂ

ਸੋਹਣੀ ਦੇ ਅੰਗਾਂ 'ਤੇ ਸੁੱਟਦਾ

ਨਿੰਮ੍ਹੇ ਨਿੰਮ੍ਹੇ ਮਾਸੂਮ ਦੀਵਿਆਂ ਦਾ ਚਾਨਣ;

ਉਂਞ ਇਸ ਮਾਸੂਮ ਨਾਜ਼ ਤੋਂ ਅੱਗੇ

ਇਸ ਪਤਲੀ ਬਾਰੀਕ ਕਿਣਮਿਣ ਨੂੰ ਲੰਘ ਕੇ 

ਕਹਿਰ ਦੀ ਚਾਦਰ ਦੇ ਪਿੱਛੇ

ਫਲਕ ਦਾ ਇਕ ਹੋਰ ਵੀ ਚਿਹਰਾ,

ਜਿੱਥੇ ਵਸਲ ਦਾ ਪੈਂਡਾ

ਪੁਰਸਲਾਤ ਵਾਂਗ ਤਾਣ ਕੇ

ਖ਼ੂਨੀ ਧਮਕ ਦੀ ਅਗਨੀ

ਮਹੀਨ ਬਿਜਲੀ ਦੀ ਛੁਰੀ ਬਣ

ਕਲਵਲ ਚਮਕਦਾ।

ਜਿਸ ਤੋਂ ਲੰਘ ਕੇ ਤੱਕਦੀਆਂ ਸੋਹਣੀਆਂ

ਸ਼ਹਾਦਤਾਂ ਦੇ ਮੀਨਾਰ ਉੱਚੇ,

ਜਿਨ੍ਹਾਂ ਦੇ ਨੂਰੀ ਹੜ੍ਹ ਦੇ ਇੱਕੋ ਹੀ ਝਟਕੇ ਨਾਲ

ਬੇਨਾਮ ਤੇ ਨਾਬੂਦ ਜੇਹੀ ਚੁੱਪ ਹੋ

ਮਜ਼ਾਰਾਂ ਦੀ ਬੀਆਬਾਨੀ ਇਕੱਲ ਵਿਚ ਡਿਗਦੀਆਂ।

ਇਹ ਕੀ ?

ਸੋਹਣੀ ਦੀਆਂ ਯਾਕੂਤ ਬੁੱਲੀਆਂ ਦੀ ਪਿਆਸ ਵਿਚ 

ਆਸਮਾਨਾਂ ਤੋਂ ਪਾਰ ਦੁਰੇਡੇ

ਸ਼ਹਾਦਤਾਂ ਦਾ ਜਾਮ ਹੈ ਛਲਕਿਆ, 

ਵਰ੍ਹਿਆ ਸਾਵਨ ਦੇ ਮੀਂਹ ਵਾਂਗ

ਤਾਰਿਆਂ ਦੇ ਝਿਲਮਿਲਾਉਂਦੇ ਬਾਗ਼ 'ਤੇ।

ਕੋਈ ਕੋਈ ਕਣੀ

ਸੋਹਣੀ ਦੇ ਮਸਤਕ 'ਤੇ ਲੱਗਦੀ,

ਹਜ਼ਾਰਾਂ ਵਰ੍ਹਿਆਂ ਦੇ ਹੁਸਨ ਦੀ ਤੱਕਨੀ

ਸ਼ਬਨਮ ਤੋਂ ਸੁਬਕ ਤਾਲ

ਅਬੋਲ ਨੈਣੀਂ ਜਗਾਉਂਦੀ।

ਸ਼ਹਾਦਤ ਦੇ ਜਾਮ ਤੋਂ ਛਲਕੇ

ਕੋਈ ਸੱਦ ਪੁਰਾਣੀ

ਸੋਹਣੀ ਦੇ ਕੰਠ ਵਿਚ ਉਤਰੇ

ਇਸ਼ਕ ਦੇ ਸੀਨੇ 'ਤੇ ਰੁਣ ਝੁਣ ਅਨੰਤ ਕਰਦੀ।

ਨੈਣਾਂ 'ਚ ਕਿਸੇ ਜੁਗ ਦੀ ਨਜ਼ਰ ਹੈ !

ਲੁਤਫ਼ ਹੈ ਕਿਸ ਹਸ਼ਰ ਦਾ ਬੁੱਲ੍ਹੀਆਂ 'ਤੇ ?

ਅਬੋਲ ਲਿਪਟਦੀ

ਪੈਰਾਂ ਨੂੰ ਧੂਹ ਪਾਉਂਦੀ

ਅਣਵੇਖੀ ਕਿਸ ਵਲੀ ਦੀ ਮੰਜ਼ਿਲ ਪੁਰਾਣੀ !

📝 ਸੋਧ ਲਈ ਭੇਜੋ